7
1 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਦੇ ਰਾਜਦੂਤ ਵਰਗਾ ਬਣਾ ਦੇਵਾਂਗਾ। ਹਾਰੂਨ ਤੇਰਾ ਨਬੀ ਹੋਵੇਗਾ।
2 ਹਾਰੂਨ ਨੂੰ ਹਰ ਉਹ ਗੱਲ ਦੱਸੀ ਜਿਸਦਾ ਮੈਂ ਤੈਨੂੰ ਹੁਕਮ ਦੇਵਾਂ। ਫ਼ੇਰ ਉਹ ਰਾਜੇ ਨੂੰ ਉਹ ਗੱਲਾਂ ਆਖੇਗਾ ਜੋ ਮੈਂ ਆਖਾਂਗਾ। ਅਤੇ ਫ਼ਿਰਊਨ ਇਸਰਾਏਲ ਦੇ ਲੋਕਾਂ ਨੂੰ ਇਹ ਦੇਸ਼ ਛੱਡ ਦੇਣ ਦੀ ਇਜਾਜ਼ਤ ਦੇ ਦੇਵੇਗਾ।
3 ਪਰ ਮੈਂ ਫ਼ਿਰਊਨ ਨੂੰ ਜ਼ਿੱਦੀ ਬਣਾ ਦੇਵਾਂਗਾ ਜਿਹੜੀਆਂ ਗੱਲਾਂ ਤੂੰ ਆਖੇਂਗਾ ਉਹ ਉਨ੍ਹਾਂ ਨੂੰ ਨਹੀਂ ਮਂਨੇਗਾ। ਫ਼ੇਰ ਮੈਂ ਮਿਸਰ ਵਿੱਚ ਬਹੁਤ ਸਾਰੇ ਕਰਿਸ਼ਮੇ ਕਰਾਂਗਾ, ਇਹ ਸਾਬਤ ਕਰਨ ਲਈ ਕਿ ਮੈਂ ਕੌਣ ਹਾਂ। ਪਰ ਉਹ ਹਾਲੇ ਵੀ ਗੱਲ ਨਹੀਂ ਸੁਣੇਗਾ।
4 ਇਸ ਲਈ ਫ਼ੇਰ ਮੈਂ ਮਿਸਰ ਨੂੰ ਬਹੁਤ ਸਜ਼ਾ ਦੇਵਾਂਗਾ ਅਤੇ ਮੈਂ ਲੋਕਾਂ ਨੂੰ ਉਸ ਧਰਤੀ ਤੋਂ ਬਾਹਰ ਲੈ ਜਾਵਾਂਗਾ।
5 ਤਾਂ ਫ਼ੇਰ ਮਿਸਰ ਦੇ ਲੋਕਾਂ ਨੂੰ ਪਤਾ ਚੱਲੇਗਾ ਕਿ ਮੈਂ ਯਹੋਵਾਹ ਹਾਂ। ਮੈਂ ਉਨ੍ਹਾਂ ਦੇ ਖਿਲਾਫ਼ ਹੋਵਾਂਗਾ। ਅਤੇ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ। ਫ਼ੇਰ ਮੈਂ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਬਾਹਰ ਲੈ ਜਾਵਾਂਗਾ।”
6 ਮੂਸਾ ਅਤੇ ਹਾਰੂਨ ਨੇ ਇਹ ਗੱਲਾਂ ਮੰਨ ਲਈਆਂ, ਜੋ ਯਹੋਵਾਹ ਨੇ ਉਨ੍ਹਾਂ ਨੂੰ ਆਖੀਆਂ ਸਨ।
7 ਮੂਸਾ ਉਸ ਵੇਲੇ 80 ਵਰ੍ਹਿਆਂ ਦਾ, ਅਤੇ ਹਾਰੂਨ 83 ਵਰ੍ਹਿਆਂ ਦਾ ਸੀ।
ਮੂਸਾ ਦੀ ਤੁਰਨ ਵਾਲੀ ਸੋਟੀ ਸੱਪ ਬਣ ਜਾਂਦੀ ਹੈ
8 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ,
9 “ਫ਼ਿਰਊਨ ਤੁਹਾਡੇ ਪਾਸੋਂ ਤੁਹਾਡੀ ਸ਼ਕਤੀ ਦਾ ਸਬੂਤ ਮਂਗੇਗਾ। ਉਹ ਤੁਹਾਡੇ ਕੋਲੋਂ ਕਰਿਸ਼ਮੇ ਕਰਨ ਦੀ ਮੰਗ ਕਰੇਗਾ। ਹਾਰੂਨ ਨੂੰ ਆਖੀਂ ਕਿ ਉਹ ਆਪਣੀ ਸੋਟੀ ਧਰਤੀ ਤੇ ਸੁੱਟੇ। ਜਦੋਂ ਫ਼ਿਰਊਨ ਦੇਖ ਰਿਹਾ ਹੋਵੇਗਾ, ਸੋਟੀ ਸੱਪ ਬਣ ਜਾਵੇਗੀ।”
10 ਇਸ ਲਈ ਮੂਸਾ ਤੇ ਹਾਰੂਨ ਫ਼ਿਰਊਨ ਕੋਲ ਗਏ ਅਤੇ ਯਹੋਵਾਹ ਦਾ ਹੁਕਮ ਮੰਨਿਆ। ਹਾਰੂਨ ਨੇ ਆਪਣੀ ਸੋਟੀ ਧਰਤੀ ਤੇ ਸੁੱਟੀ। ਜਦੋਂ ਫ਼ਿਰਊਨ ਅਤੇ ਉਸ ਦੇ ਅਧਿਕਾਰੀ ਦੇਖ ਰਹੇ ਸਨ, ਸੋਟੀ ਸੱਪ ਬਣ ਗਈ।
11 ਇਸ ਲਈ ਰਾਜੇ ਨੇ ਆਪਣੇ ਸਿਆਣਿਆਂ ਅਤੇ ਜਾਦੂਗਰਾਂ ਨੂੰ ਬੁਲਾਇਆ। ਇਨ੍ਹਾਂ ਬੰਦਿਆਂ ਨੇ ਵੀ ਆਪਣੀਆਂ ਚੁਸਤੀਆਂ ਵਰਤੀਆਂ ਅਤੇ ਹਾਰੂਨ ਵਰਗੀ ਗੱਲ ਕਰਨ ਵਿੱਚ ਕਾਮਯਾਬ ਹੋ ਗਏ।
12 ਉਨ੍ਹਾਂ ਨੇ ਆਪਣੀਆਂ ਸੋਟੀਆਂ ਧਰਤੀ ਤੇ ਸੁੱਟੀਆਂ ਅਤੇ ਉਨ੍ਹਾਂ ਦੀਆਂ ਸੋਟੀਆਂ ਸੱਪ ਬਣ ਗਈਆਂ। ਪਰ ਫ਼ੇਰ ਹਾਰੂਨ ਦੀ ਸੋਟੀ ਨੇ ਉਨ੍ਹਾਂ ਦੀਆਂ ਸੋਟੀਆਂ ਖਾ ਲਈਆਂ।
13 ਫ਼ਿਰਊਨ ਨੇ ਹਾਲੇ ਵੀ ਲੋਕਾਂ ਨੂੰ ਚੱਲੇ ਜਾਣ ਨਾ ਦਿੱਤਾ। ਇਹ ਓਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ ਕਿ ਵਾਪਰੇਗਾ। ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।
ਪਾਣੀ ਖੂਨ ਬਣਿਆ
14 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਜ਼ਿੱਦੀ ਬਣ ਰਿਹਾ ਹੈ। ਫ਼ਿਰਊਨ ਲੋਕਾਂ ਨੂੰ ਜਾਣ ਨਹੀਂ ਦਿੰਦਾ।
15 ਸਵੇਰ ਵੇਲੇ, ਫ਼ਿਰਊਨ ਨਦੀ ਤੇ ਜਾਵੇਗਾ। ਉਸ ਦੇ ਕੋਲ ਨੀਲ ਨਦੀ ਦੇ ਕੰਢੇ ਜਾਵੀਂ। ਉਹ ਸੋਟੀ ਨਾਲ ਲਵੀਂ ਜਿਹੜੀ ਸੱਪ ਬਣ ਗਈ ਸੀ।
16 ਉਸ ਨੂੰ ਇਹ ਆਖੀਂ; ‘ਇਬਰਾਨੀ ਲੋਕਾਂ ਦੇ ਯਹੋਵਾਹ ਪਰਮੇਸ਼ੁਰ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ। ਯਹੋਵਾਹ ਨੇ ਮੈਨੂੰ ਆਖਿਆ ਸੀ ਕਿ ਤੈਨੂੰ ਆਖਾਂ ਕਿ ਉਸ ਦੇ ਲੋਕਾਂ ਨੂੰ ਮਾਰੂਥਲ ਵਿੱਚ ਜਾਕੇ ਉਸਦੀ ਉਪਾਸਨਾ ਕਰਨ ਦੇਵੇ। ਹੁਣ ਤੱਕ ਤੂੰ ਯਹੋਵਾਹ ਦੀ ਗੱਲ ਨਹੀਂ ਸੁਣੀਂ।
17 ਇਸ ਲਈ ਯਹੋਵਾਹ ਆਖਦਾ ਹੈ ਕਿ ਉਹ ਤੈਨੂੰ ਦਿਖਾਉਣ ਲਈ ਕੁਝ ਕਰੇਗਾ ਕਿ ਉਹ ਯਹੋਵਾਹ ਹੈ। ਮੈਂ ਨੀਲ ਨਦੀ ਉੱਤੇ ਆਪਣੇ ਹੱਥ ਵਾਲੀ ਇਹ ਸੋਟੀ ਮਾਰਾਂਗਾ, ਅਤੇ ਨਦੀ ਖੂਨ ਵਿੱਚ ਬਦਲ ਜਾਵੇਗੀ।
18 ਨਦੀ ਦੀਆਂ ਮਛੀਆਂ ਮਰ ਜਾਣਗੀਆਂ, ਅਤੇ ਨਦੀ ਸਢ਼ਾਂਦ ਮਾਰਨ ਲੱਗ ਪਵੇਗੀ। ਫ਼ੇਰ ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸੱਕਣਗੇ।’”
19 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਨੂੰ ਆਪਣੀ ਸੋਟੀ ਫ਼ੜਕੇ ਨਦੀਆਂ, ਨਹਿਰਾਂ, ਝੀਲਾਂ ਅਤੇ ਹਰ ਓਸ ਥਾਂ ਉੱਤੇ ਫ਼ੈਲਾਉਣ ਲਈ ਆਖ ਜਿੱਥੇ ਉਹ ਪਾਣੀ ਜਮ੍ਹਾਂ ਕਰਦੇ ਹਨ। ਜਦੋਂ ਉਹ ਅਜਿਹਾ ਕਰੇਗਾ, ਸਾਰਾ ਪਾਣੀ ਭਾਵੇਂ ਉਹ ਲੱਕੜ ਦੇ ਜਾਂ ਪੱਥਰ ਦੇ ਗਮਲਿਆਂ ਵਿੱਚ ਵੀ ਭਰਿਆ ਹੋਵੇ, ਖੂਨ ਵਿੱਚ ਬਦਲ ਜਾਵੇਗਾ।”
20 ਤਾਂ ਹਾਰੂਨ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਕੀਤਾ ਸੀ। ਹਾਰੂਨ ਨੇ ਸੋਟੀ ਚੁੱਕੀ ਤੇ ਨੀਲ ਨਦੀ ਪਾਣੀ ਉੱਤੇ ਮਾਰੀ। ਉਸ ਨੇ ਅਜਿਹਾ ਫ਼ਿਰਊਨ ਅਤੇ ਉਸ ਦੇ ਅਧਿਕਾਰੀਆਂ ਦੇ ਸਾਹਮਣੇ ਕੀਤਾ। ਇਸ ਤਰ੍ਹਾਂ ਨਦੀ ਦਾ ਸਾਰਾ ਪਾਣੀ ਖੂਨ ਵਿੱਚ ਬਦਲ ਗਿਆ।
21 ਨਦੀ ਦੀਆਂ ਮੱਛੀਆਂ ਮਰ ਗਈਆਂ, ਅਤੇ ਨਦੀ ਚੋਂ ਸੜਿਆਂਦ ਮਾਰਨ ਲੱਗ ਪਈ। ਇਸ ਲਈ ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸੱਕਦੇ ਸਨ। ਮਿਸਰ ਵਿੱਚ ਹਰ ਥਾਂ ਖੂਨ ਹੀ ਖੂਨ ਸੀ।
22 ਮਿਸਰੀ ਜਾਦੂਗਰਾਂ ਨੇ ਆਪਣੀਆਂ ਜਾਦੂਗਰੀਆਂ ਵਰਤੀਆਂ ਅਤੇ ਓਹੀ ਗੱਲ ਕੀਤੀ। ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਨਹੀਂ ਸੁਣੀ, ਬਿਲਕੁਲ ਜਿਵੇਂ ਯਹੋਵਾਹ ਨੇ ਆਖਿਆ ਸੀ।
23 ਉਹ, ਜੋ ਮੂਸਾ ਤੇ ਹਾਰੂਨ ਨੇ ਕੀਤਾ ਸੀ ਤੋਂ ਪਰੇਸ਼ਾਨ ਨਾ ਹੋਇਆ ਅਤੇ ਆਪਣੀ ਪਿੱਠ ਮੋੜਕੇ ਆਪਣੇ ਘਰ ਅੰਦਰ ਚੱਲਾ ਗਿਆ।
24 ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸੱਕਦੇ ਸਨ। ਇਸ ਲਈ ਉਨ੍ਹਾਂ ਨੇ ਨਦੀ ਦੇ ਆਲੇ-ਦੁਆਲੇ ਪਾਣੀ ਪੀਣ ਲਈ ਖੂਹ ਪੁੱਟੇ।
ਡੱਡੂ
25 ਯਹੋਵਾਹ ਨੇ ਨੀਲ ਨਦੀ ਨੂੰ ਬਦਲਿਆਂ ਸੱਤ ਦਿਨ ਬੀਤ ਗਏ।