5
1 ਤੁਸੀਂ ਪਰਮੇਸ਼ੁਰ ਦੇ ਉਹ ਬੱਚੇ ਹੋ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ।
2 ਇਸ ਲਈ ਪਰਮੇਸ਼ੁਰ ਵਾਂਗ ਬਣਨ ਦੀ ਕੋਸ਼ਿਸ਼ ਕਰੋ। ਪ੍ਰੇਮ ਦਾ ਜੀਵਨ ਜੀਓ। ਹੋਰਾਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਮਸੀਹ ਨੇ ਤੁਹਾਨੂੰ ਪਿਆਰ ਕੀਤਾ। ਮਸੀਹ ਨੇ ਆਪਣੇ ਆਪ ਨੂੰ ਸਾਡੇ ਲਈ ਕੁਰਬਾਨ ਕੀਤਾ ਸੀ। ਉਹ ਪਰਮੇਸ਼ੁਰ ਨੂੰ ਚੜ੍ਹਾਈ ਗਈ ਚੰਗੀ ਸੁਗੰਧ ਅਤੇ ਇੱਕ ਕੁਰਬਾਨੀ ਸੀ।
3 ਤੁਹਾਡੇ ਵਿੱਚ ਜਿਨਸੀ ਪਾਪ ਨਹੀਂ ਹੋਣਾ ਚਾਹੀਦਾ। ਤੁਹਾਡੇ ਵਿੱਚ ਕਿਸੇ ਵੀ ਕਿਸਮ ਦੀ ਅਸ਼ੁੱਧਤਾ ਜਾਂ ਲਾਲਸਾ ਨਹੀਂ ਹੋਣੀ ਚਾਹੀਦੀ। ਤੁਹਾਨੂੰ ਇਨ੍ਹਾਂ ਬੁਰੀਆਂ ਗੱਲਾਂ ਬਾਰੇ ਗੱਲ ਵੀ ਨਹੀਂ ਕਰਨੀ ਚਾਹੀਦੀ। ਕਿਉਂ? ਕਿਉਂ ਕਿ ਇਹ ਗੱਲਾਂ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਲਈ ਸਹੀ ਨਹੀਂ ਹਨ।
4 ਇਸ ਤੋਂ ਇਲਾਵਾ ਤੁਹਾਡੇ ਦਰਮਿਆਨ ਭੱਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਤੁਹਾਨੂੰ ਕਦੇ ਵੀ ਮੂਰੱਖਤਾ ਭਰੇ ਬੋਲ ਨਹੀਂ ਬੋਲਣੇ ਚਾਹੀਦੇ ਤੇ ਨਾਂ ਗੰਦੇ ਮਜ਼ਾਕ ਕਰਨੇ ਚਾਹੀਦੇ ਹਨ। ਇਹ ਗੱਲਾਂ ਤੁਹਾਡੇ ਲਈ ਸਹੀ ਨਹੀਂ ਹਨ। ਪਰਮੇਸ਼ੁਰ ਨੂੰ ਧੰਨਵਾਦ ਦੇਣਾ ਹੀ ਤੁਹਾਡੇ ਲਈ ਸਹੀ ਹੈ।
5 ਤੁਸੀਂ ਇਸ ਬਾਰੇ ਨਿਸ਼ਚਿਤ ਹੋ ਸੱਕਦੇ ਹੋ। ਇੱਕ ਵਿਅਕਤੀ ਜਿਹੜਾ ਜਿਨਸੀ ਪਾਪ ਕਰਦਾ ਹੈ ਜਾਂ ਉਹ ਜੋ ਪਾਪ ਕਰਦਾ ਜਾਂ ਲੋਭੀ ਵਪਾਰੀ ਹੈ ਉਸ ਨੂੰ ਪਰਮੇਸ਼ੁਰ ਅਤੇ ਮਸੀਹ ਦੇ ਰਾਜ ਵਿੱਚ ਕੋਈ ਜਗ਼੍ਹਾ ਨਹੀਂ ਮਿਲੇਗੀ ਇੱਕ ਵਿਅਕਤੀ ਜਿਹੜਾ ਹਮੇਸ਼ਾ ਆਪਣੇ ਲਈ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਚਾਹਨਾ ਰੱਖਦਾ ਮੂਰਤੀ ਉਪਾਸੱਕ ਹੈ।
6 ਕਦੇ ਵੀ ਕਿਸੇ ਵਿਅਕਤੀ ਨੂੰ ਉਸ ਦੀਆਂ ਖੋਖਲੀਆਂ ਗੱਲਾਂ ਨਾਲ ਆਪਣੇ ਆਪ ਨੂੰ ਗੁਮਰਾਹ ਨਾ ਕਰਨ ਦਿਓ। ਇਹ ਬਦਕਾਰੀਆਂ ਪਰਮੇਸ਼ੁਰ ਨੂੰ ਉਨ੍ਹਾਂ ਲੋਕਾਂ ਉੱਪਰ ਕਹਿਰਵਾਨ ਕਰਦੀਆਂ ਹਨ ਜਿਹੜੇ ਉਸਦੀ ਆਗਿਆ ਦਾ ਪਾਲਨ ਨਹੀਂ ਕਰਦੇ।
7 ਇਸ ਲਈ ਉਨ੍ਹਾਂ ਨਾਲ ਇਹੋ ਜਿਹੀਆਂ ਗੱਲਾਂ ਨਾ ਕਰੋ।
8 ਅਤੀਤ ਵਿੱਚ, ਤੁਸੀਂ ਹਨੇਰੇ ਨਾਲ ਘਿਰੇ ਹੋਏ ਸੀ। ਪਰ ਹੁਣ ਤੁਸੀਂ ਪ੍ਰਭੂ ਵਿੱਚਲੀ ਰੋਸ਼ਨੀ ਨਾਲ ਭਰੇ ਹੋਏ ਹੋ। ਇਸ ਲਈ ਉਨ੍ਹਾਂ ਲੋਕਾਂ ਵਾਂਗ ਰਹੋ ਜਿਹੜੇ ਰੌਸ਼ਨੀ ਨਾਲ ਸੰਬੰਧ ਰੱਖਦੇ ਹਨ।
9 ਰੌਸ਼ਨੀ ਚੰਗਿਆਈ, ਧਰਮੀ ਜੀਵਨ ਅਤੇ ਸੱਚ ਦਿੰਦੀ ਹੈ।
10 ਸਿੱਖਣ ਦੀ ਕੋਸ਼ਿਸ਼ ਕਰੋ ਕਿ ਪ੍ਰਭੂ ਨੂੰ ਕੀ ਪ੍ਰਸੰਨ ਕਰਦਾ ਹੈ।
11 ਅਜਿਹੀਆਂ ਗੱਲਾਂ ਨਾ ਕਰੋ ਜਿਹੜੀਆਂ ਉਹ ਲੋਕ ਕਰਦੇ ਹਨ, ਜਿਹੜੇ ਹਨੇਰੇ ਵਿੱਚ ਹਨ। ਅਜਿਹੀਆਂ ਗੱਲਾਂ ਕੋਈ ਲਾਭ ਨਹੀਂ ਲਿਆਉਂਦੀਆਂ। ਪਰ ਇਹ ਦਰਸ਼ਾਉਣ ਲਈ ਚੰਗੀਆਂ ਗੱਲਾਂ ਕਰੋ ਕਿ ਹਨੇਰੇ ਵਿੱਚਲੀਆਂ ਗੱਲਾਂ ਗਲਤ ਹਨ।
12 ਉਨ੍ਹਾਂ ਗੱਲਾਂ ਬਾਰੇ ਬੋਲਣਾ ਵੀ ਸ਼ਰਮਨਾਕ ਹੈ ਜਿਹੜੀਆਂ ਹਨੇਰੇ ਵਿੱਚ ਕੀਤੀਆਂ ਜਾਂਦੀਆਂ ਹਨ।
13 ਪਰ ਜਦੋਂ ਅਸੀਂ ਦਰਸ਼ਾਉਂਦੇ ਹਾਂ ਕਿ ਇਹ ਗੱਲਾਂ ਗਲਤ ਹਨ, ਰੌਸ਼ਨੀ ਉਨ੍ਹਾਂ ਗੱਲਾਂ ਨੂੰ ਪ੍ਰਤੱਖ ਬਣਾ ਦਿੰਦੀ ਹੈ।
14 ਅਤੇ ਜਿਹੜੀ ਗੱਲ ਪ੍ਰਤੱਖ ਹੈ ਰੌਸ਼ਨੀ ਬਣ ਸੱਕਦੀ ਹੈ। ਇਸੇ ਲਈ ਅਸੀਂ ਆਖਦੇ ਹਾਂ:
“ਜਾਗੋ, ਤੁਸੀਂ ਸੁੱਤਿਓ ਬੰਦਿਓ!
ਮੌਤ ਤੋਂ ਜਿਉ,
ਅਤੇ ਮਸੀਹ ਤੁਹਾਡੇ ਉੱਪਰ ਚਮਕੇਗਾ।”
15 ਇਸ ਲਈ ਇਸ ਗੱਲੋਂ ਬਹੁਤ ਸਾਵੱਧਾਨ ਰਹੋ ਕਿ ਤੁਸੀਂ ਕਿਵੇਂ ਜਿਉਂਦੇ ਹੋ। ਗਿਆਨਹੀਣ ਬੰਦਿਆਂ ਦੇ ਢੰਗ ਵਾਂਗ ਨਾ ਜੀਓ। ਸਗੋਂ ਗਿਆਨਵਾਨ ਬਣਕੇ ਜੀਓ।
16 ਮੇਰਾ ਭਾਵ ਇਹ ਹੈ ਕਿ ਤੁਹਾਨੂੰ ਆਪਣੇ ਹਰ ਮੌਕੇ ਨੂੰ ਚੰਗੇ ਕੰਮ ਲਈ ਵਰਤਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ ਭ੍ਰਿਸ਼ਟ ਹਨ।
17 ਇਸ ਲਈ ਮੂਰੱਖਤਾ ਦਾ ਜੀਵਨ ਨਾ ਜੀਵੋ। ਪਰ ਉਹ ਗੱਲਾਂ ਸਿੱਖੋ ਜਿਹੜੀਆਂ ਪ੍ਰਭੂ ਤੁਹਾਡੇ ਪਾਸੋਂ ਕਰਵਾਉਣੀਆਂ ਚਾਹੁੰਦਾ ਹੈ।
18 ਮੈਅ ਨਾਲ ਸ਼ਰਾਬੀ ਨਾ ਹੋਵੋ। ਇਹ ਆਤਮਕ ਤੌਰ ਤੇ ਤੁਹਾਨੂੰ ਤਬਾਹ ਕਰ ਦੇਵੇਗੀ, ਪਰ ਇਸਦੀ ਜਗ਼੍ਹਾ ਆਤਮਾ ਨਾਲ ਭਰਪੂਰ ਹੋਵੇ।
19 ਇੱਕ ਦੂਸਰੇ ਨਾਲ ਭਜਨਾਂ, ਸ਼ਬਦਾਂ ਅਤੇ ਆਤਮਕ ਗੀਤਾਂ ਨਾਲ ਬੋਲੋ। ਆਪਣੇ ਦਿਲਾਂ ਵਿੱਚ ਪ੍ਰਭੂ ਲਈ ਗਾਓ ਅਤੇ ਸੰਗੀਤ ਛੇੜੋ।
20 ਹਰ ਚੀਜ਼ ਲਈ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰੋ, ਉਸਦਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਧੰਨਵਾਦ ਕਰੋ।
ਪਤਨੀਆਂ ਅਤੇ ਪਤੀਆਂ
21 ਇੱਕ ਦੂਸਰੇ ਦੀ ਗੱਲ ਮੰਨਣ ਲਈ ਸਦਾ ਤਿਆਰ ਰਹੋ। ਅਜਿਹਾ ਇਸ ਲਈ ਕਰੋ ਕਿਉਂ ਜੋ ਤੁਸੀਂ ਮਸੀਹ ਦਾ ਆਦਰ ਕਰਦੇ ਹੋ।
22 ਪਤਨੀਓ, ਆਪਣੇ ਪਤੀਆਂ ਦੇ ਅਧਿਕਾਰਾਂ ਹੇਠਾਂ ਉਵੇਂ ਹੀ ਰਹੋ ਜਿਵੇਂ ਕਿ ਤੁਸੀਂ ਪ੍ਰਭੂ ਦੇ ਅਧਿਕਾਰ ਹੇਠਾਂ ਹੋ।
23 ਪਤੀ ਪਤਨੀ ਦਾ ਮੁਖੀਆ ਹੈ, ਜਿਵੇਂ ਕਿ ਮਸੀਹ ਕਲੀਸਿਯਾ ਦਾ ਮੁਖੀਆ ਹੈ। ਕਲੀਸਿਯਾ ਮਸੀਹ ਦਾ ਸਰੀਰ ਹੈ। ਮਸੀਹ ਸਰੀਰ ਦਾ ਰੱਖਿਅਕ ਹੈ।
24 ਕਲੀਸਿਯਾ ਮਸੀਹ ਦੇ ਅਧਿਕਾਰ ਹੇਠਾਂ ਹੈ। ਇਸ ਲਈ ਪਤਨੀਓ ਤੁਹਾਡੇ ਬਾਰੇ ਵੀ ਇਵੇਂ ਹੀ ਹੈ। ਤੁਹਾਨੂੰ ਹਰ ਗੱਲ ਵਿੱਚ ਆਪਣੇ ਪਤੀਆਂ ਦੇ ਅਧਿਕਾਰ ਹੇਠਾਂ ਹੋਣਾ ਚਾਹੀਦਾ ਹੈ।
25 ਪਤੀਓ, ਆਪਣੀਆਂ ਪਤਨੀਆਂ ਨੂੰ ਉਵੇਂ ਪਿਆਰ ਕਰੋ ਜਿਵੇਂ ਮਸੀਹ ਨੇ ਕਲੀਸਿਯਾ ਨਾਲ ਕੀਤਾ ਹੈ। ਮਸੀਹ ਕਲੀਸਿਯਾ ਲਈ ਮਰਿਆ ਸੀ।
26 ਉਹ ਕਲੀਸਿਯਾ ਨੂੰ ਆਪਣੀ ਸੇਵਾ ਵਾਸਤੇ ਸ਼ੁੱਧ ਬਨਾਉਣ ਲਈ ਮਰਿਆ ਸੀ। ਪਰ ਪਹਿਲਾਂ ਮਸੀਹ ਨੇ ਕਲੀਸਿਯਾ ਨੂੰ ਖੁਸ਼ਖਬਰੀ ਰਾਹੀਂ ਪਾਣੀ ਨਾਲ ਧੋਕੇ ਸਾਫ਼ ਕੀਤਾ।
27 ਮਸੀਹ ਮਰਿਆ ਤਾਂ ਜੋ ਉਹ ਕਲੀਸਿਯਾ ਨੂੰ ਆਪਣੇ ਆਪ ਲਈ ਇੱਕ ਵਹੁਟੀ ਵਾਂਗ ਮਹਿਮਾ ਨਾਲ ਸਮਰਪਿਤ ਕਰ ਸੱਕੇ ਜੋ ਮਹਿਮਾ (ਸੁੰਦਰਤਾ) ਨਾਲ ਭਰਪੂਰ ਹੈ। ਉਹ ਮਰਿਆ ਤਾਂ ਜੋ ਕਲੀਸਿਯਾ ਪਵਿੱਤਰ ਅਤੇ ਦੋਸ਼ ਰਹਿਤ ਹੋ ਸੱਕੇ ਅਤੇ ਬਦੀ ਤੋਂ ਬਿਨਾ ਹੋ ਸੱਕੇ ਜਾਂ ਪਾਪ ਜਾਂ ਹੋਰ ਕਿਸੇ ਵੀ ਗੱਲ ਤੋਂ ਜੋ ਗਲਤ ਹੈ।
28 ਅਤੇ ਪਤੀਆਂ ਨੂੰ ਆਪਣੀਆਂ ਪਤਨੀਆਂ ਨੂੰ ਇਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੀਆਂ ਪਤਨੀਆਂ ਨੂੰ ਉਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਸਰੀਰ ਨੂੰ ਪਿਆਰ ਕਰਦੇ ਹਨ। ਜਿਹੜਾ ਵਿਅਕਤੀ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਉਹ ਆਪਣੇ ਆਪ ਨੂੰ ਪਿਆਰ ਕਰਦਾ ਹੈ।
29 ਕਿਉਂ ਕਿ ਕਦੇ ਵੀ ਕਿਸੇ ਨੇ ਆਪਣੇ ਖੁਦ ਦੇ ਸਰੀਰ ਨੂੰ ਨਫ਼ਰਤ ਨਹੀਂ ਕੀਤੀ। ਹਰ ਕੋਈ ਆਪਣੇ ਸਰੀਰ ਦਾ ਪੋਸ਼ਣ ਕਰਦਾ ਹੈ ਅਤੇ ਇਸਦਾ ਚੰਗਾ ਖਿਆਲ ਰੱਖਦਾ ਹੈ। ਅਤੇ ਇਹੀ ਗੱਲ ਹੈ ਜਿਹੜੀ ਮਸੀਹ ਨੇ ਕਲੀਸਿਯਾ ਲਈ ਕੀਤੀ,
30 ਕਿਉਂ ਕਿ ਅਸੀਂ ਉਸ ਦੇ ਸਰੀਰ ਦੇ ਅੰਗ ਹਾਂ।
31 ਪੋਥੀਆਂ ਆਖਦੀਆਂ ਹਨ, “ਇਸ ਲਈ ਆਦਮੀ ਆਪਣੇ ਮਾਤਾ ਪਿਤਾ ਨੂੰ ਛੱਡ ਦੇਵੇਗਾ ਅਤੇ ਆਪਣੀ ਪਤਨੀ ਨਾਲ ਮਿਲ ਜਾਏਗਾ। ਇਸੇ ਤਰ੍ਹਾਂ, ਉਹ ਦੋਵੇਂ ਇੱਕ ਬਣ ਜਾਣਗੇ।”
32 ਇਹ ਗੁਪਤ ਸੱਚ ਬਹੁਤ ਮਹੱਤਵਪੂਰਣ ਹੈ। ਮੈਂ ਮਸੀਹ ਅਤੇ ਕਲੀਸਿਯਾ ਬਾਰੇ ਗੱਲ ਕਰ ਰਿਹਾ ਹਾਂ।
33 ਪਰ ਇਹ ਤੁਹਾਡੇ ਵਿੱਚੋਂ ਹਰ ਇੱਕ ਉੱਤੇ ਲਾਗੂ ਹੁੰਦਾ ਹੈ; ਤੁਹਾਨੂੰ ਆਪਣੀਆਂ ਪਤਨੀਆਂ ਨੂੰ ਉਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਅਤੇ ਇੱਕ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ।