ਮਿਸਰ ਦੇ ਖਿਲਾਫ਼ ਸੰਦੇਸ਼
29
ਜਲਾਵਤਨੀ ਦੇ 10ਵੇਂ ਵਰ੍ਹੇ ਦੇ 10ਵੇਂ ਮਹੀਨੇ ਦੇ 12 ਵੇਂ ਦਿਨ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਮਿਸਰ ਦੇ ਰਾਜੇ ਫਿਰਊਨ ਵੱਲ ਵੇਖ। ਮੇਰੇ ਲਈ ਉਸ ਦੇ ਅਤੇ ਮਿਸਰ ਦੇ ਖਿਲਾਫ਼ ਬੋਲ। ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:
“‘ਮਿਸਰ ਦੇ ਰਾਜੇ ਫਿਰਊਨ, ਮੈਂ ਹਾਂ ਤੇਰੇ ਵਿਰੁੱਧ।
ਤੂੰ ਹੈਂ ਇੱਕ ਵਿਕਰਾਲ ਜੀਵ ਨੀਲ ਨਦੀ ਕੰਢੇ ਲੇਟਿਆ ਹੋਇਆ।
ਆਖਦਾ ਹੈਂ ਤੂੰ, “ਇਹ ਮੇਰੀ ਨਦੀ ਹੈ!
ਮੈਂ ਬਣਾਈ ਸੀ ਇਹ ਨਦੀ!”
4-5 “‘ਪਰ ਮੈਂ ਤੇਰੇ ਜਬੜਿਆਂ ਵਿੱਚ ਕੁੰਡੀਆਂ ਪਾ ਦਿਆਂਗਾ।
ਨੀਲ ਨਦੀ ਦੀਆਂ ਮੱਛੀਆਂ ਚਿਪਕ ਜਾਣਗੀਆਂ ਤੇਰੇ ਕੰਡਿਆਂ ਨਾਲ।
ਮੈਂ ਤੈਨੂੰ ਅਤੇ ਤੇਰੀਆਂ ਮੱਛੀਆਂ ਨੂੰ ਤੇਰੀਆਂ ਨਦੀਆਂ
ਵਿੱਚੋਂ ਕੱਢ ਕੇ ਸੁੱਕੀ ਧਰਤੀ ਤੇ ਸੁੱਟ ਦਿਆਂਗਾ।
ਡਿੱਗ ਪਵੇਂਗਾ ਤੂੰ ਧਰਤੀ ਉੱਤੇ,
ਅਤੇ ਕੋਈ ਵੀ ਨਹੀਂ ਚੁੱਕੇਗਾ ਤੈਨੂੰ ਜਾ ਦਫ਼ਨਾਏਗਾ।
ਮੈਂ ਤੈਨੂੰ ਜੰਗਲੀ ਜਾਨਵਰਾਂ ਅਤੇ ਪੰਛੀਆਂ ਦੇ ਹਵਾਲੇ ਕਰ ਦਿਆਂਗਾ।
ਤੂੰ ਉਨ੍ਹਾਂ ਦਾ ਭੋਜਨ ਬਣੇਁਗਾ।
ਫ਼ੇਰ ਮਿਸਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ
ਪਤਾ ਲੱਗ ਜਾਵੇਗਾ ਕਿ ਮੈਂ ਹਾਂ ਯਹੋਵਾਹ!
“‘ਮੈਂ ਇਹ ਗੱਲਾਂ ਕਿਉਂ ਕਰਾਂਗਾ?
ਕਿਉਂ ਕਿ ਇਸਰਾਏਲ ਦੇ ਲੋਕ ਝੁਕੇ ਸਨ ਮਿਸਰ ਉੱਤੇ ਸਹਾਰੇ ਲਈ।
ਪਰ ਮਿਸਰ ਤਾਂ ਸੀ ਇੱਕ ਕਮਜ਼ੋਰ ਜਿਹਾ ਘਾਹ ਦਾ ਪੱਤਾ।
ਇਸਰਾਏਲ ਦੇ ਲੋਕ ਝੁਕੇ ਸਨ ਮਿਸਰ ਵੱਲ, ਸਹਾਇਤਾ ਲਈ।
ਪਰ ਮਿਸਰ ਨੇ ਸਿਰਫ਼ ਉਨ੍ਹਾਂ ਦੇ ਹੱਥਾਂ ਅਤੇ ਮੋਢਿਆਂ ਨੂੰ ਸੀ ਵਿਂਨ੍ਹਿਆ।
ਝੁਕੇ ਸਨ ਉਹ ਮਿਸਰ ਉੱਤੇ, ਸਹਾਰੇ ਲਈ,
ਪਰ ਤੂੰ ਤੋੜ ਕੇ ਮਰੋੜ ਦਿੱਤੀ ਪਿੱਠ ਉਨ੍ਹਾਂ ਦੀ।’”
ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ:
“ਮੈਂ ਤੇਰੇ ਵਿਰੁੱਧ ਇੱਕ ਤਲਵਾਰ ਲਿਆਂਗਾ।
ਤਬਾਹ ਕਰ ਦਿਆਂਗਾ ਮੈਂ ਤੇਰੇ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ।
ਵੀਰਾਨ ਅਤੇ ਤਬਾਹ ਹੋ ਜਾਵੇਗਾ ਮਿਸਰ।
ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਹਾਂ ਯਹੋਵਾਹ।”
ਪਰਮੇਸ਼ੁਰ ਨੇ ਆਖਿਆ, “ਮੈਂ ਇਹ ਗੱਲਾਂ ਕਿਉਂ ਕਰਾਂਗਾ? ਕਿਉਂ ਕਿ ਤੂੰ ਆਖਿਆ ਸੀ, ‘ਇਹ ਮੇਰੀ ਨਦੀ ਹੈ। ਮੈਂ ਇਸ ਨਦੀ ਨੂੰ ਬਣਾਇਆ ਸੀ।’ 10 ਇਸ ਲਈ, ਮੈਂ (ਪਰਮੇਸ਼ੁਰ) ਤੇਰੇ ਵਿਰੁੱਧ ਹਾਂ। ਮੈਂ ਤੇਰੇ ਨੀਲ ਨਦੀ ਦੀਆਂ ਅਨੇਕਾਂ ਸ਼ਾਖਾਵਾਂ ਦੇ ਵਿਰੁੱਧ ਹਾਂ। ਮੈਂ ਮਿਸਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। ਮਿਗਦੋਲ ਤੋਂ ਲੈ ਕੇ ਸਵੇਨੇਹ ਤੀਕ ਅਤੇ ਕੂਸ਼ ਦੀ ਸਰਹੱਦ ਤੀਕ ਸ਼ਹਿਰ ਵੀਰਾਨ ਹੋ ਜਾਣਗੇ। 11 ਕੋਈ ਵੀ ਬੰਦਾ ਜਾਂ ਜਾਨਵਰ ਮਿਸਰ ਵਿੱਚੋਂ ਨਹੀਂ ਲੰਘੇਗਾ। ਚਾਲੀ ਸਾਲਾਂ ਤੀਕ ਕੁਝ ਵੀ ਓਬੋਁ ਨਹੀਂ ਲੰਘੇਗਾ ਜਾਂ ਟਿਕੇਗਾ। 12 ਮੈਂ ਮਿਸਰ ਨੂੰ ਬਰਬਾਦ ਕਰ ਦਿਆਂਗਾ। ਚਾਲੀ ਸਾਲਾਂ ਤੀਕ ਸ਼ਹਿਰ ਵੀਰਾਨ ਰਹਿਣਗੇ! ਮੈਂ ਮਿਸਰ ਦੇ ਲੋਕਾਂ ਨੂੰ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਮੈਂ ਉਨ੍ਹਾਂ ਨੂੰ ਵਿਦੇਸ਼ੀ ਧਰਤੀਆਂ ਉੱਤੇ ਅਜਨਬੀ ਬਣਾ ਦਿਆਂਗਾ।”
13 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਮੈਂ ਮਿਸਰ ਦੇ ਲੋਕਾਂ ਨੂੰ ਬਹੁਤ ਸਾਰੀਆਂ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਪਰ ਚਾਲੀ ਸਾਲਾਂ ਮਗਰੋਂ ਮੈ ਉਨ੍ਹਾਂ ਲੋਕਾਂ ਨੂੰ ਫ਼ੇਰ ਇਕੱਠਿਆਂ ਕਰ ਦਿਆਂਗਾ। 14 ਮੈਂ ਮਿਸਰੀ ਬੰਦਿਆਂ ਨੂੰ ਵਾਪਸ ਲਿਅਵਾਂਗਾ। ਮੈਂ ਮਿਸਰੀਆਂ ਨੂੰ ਫਤਰੋਸ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ ਜਿੱਥੇ ਉਹ ਜੰਮੇ ਸੀ। ਪਰ ਉਨ੍ਹਾਂ ਦਾ ਰਾਜ ਮਹੱਤਵਪੂਰਣ ਨਹੀਂ ਹੋਵੇਗਾ। 15 ਇਹ ਸਭ ਤੋਂ ਘੱਟ ਮਹੱਤਵਪੂਰਣ ਰਾਜ ਹੋਵੇਗਾ। ਇਹ ਫ਼ੇਰ ਕਦੇ ਵੀ ਆਪਣੇ-ਆਪ ਨੂੰ ਹੋਰਨਾਂ ਕੌਮਾਂ ਤੋਂ ਉੱਚਾ ਨਹੀਂ ਚੁੱਕ ਸੱਕੇਗਾ। ਮੈਂ ਉਨ੍ਹਾਂ ਨੂੰ ਇੰਨਾ ਛੋਟਾ ਬਣਾ ਦਿਆਂਗਾ ਕਿ ਉਹ ਕੌਮਾਂ ਉੱਤੇ ਰਾਜ ਨਹੀਂ ਕਰ ਸੱਕਣਗੇ। 16 ਅਤੇ ਇਸਰਾਏਲ ਦਾ ਪਰਿਵਾਰ ਫ਼ੇਰ ਮਿਸਰ ਉੱਤੇ ਨਿਰਭਰ ਨਹੀਂ ਕਰੇਗਾ। ਇਸਰਾਏਲੀ ਆਪਣਾ ਪਾਪ ਚੇਤੇ ਕਰਨਗੇ-ਉਹ ਯਾਦ ਕਰਨਗੇ ਕਿ ਉਹ ਮਿਸਰ ਵੱਲ ਪਰਤੇ ਸਨ ਸਹਾਇਤਾ ਲਈ, ਪਰਮੇਸ਼ੁਰ ਵੱਲ ਨਹੀਂ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਪ੍ਰਭੂ ਅਤੇ ਯਹੋਵਾਹ ਹਾਂ।”
ਬਾਬਲ ਮਿਸਰ ਉੱਤੇ ਕਬਜ਼ਾ ਕਰੇਗਾ
17 ਜਲਾਵਤਨੀ ਦੇ 27 ਵੇਂ ਵਰ੍ਹੇ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, 18 “ਆਦਮੀ ਦੇ ਪੁੱਤਰ, ਬਾਬਲ ਦੇ ਰਾਜੇ ਨਬੂਕਦਨੱਸਰ ਨੇ ਸੂਰ ਦੇ ਖਿਲਾਫ਼ ਆਪਣੀ ਫ਼ੌਜ ਤੋਂ ਸਖਤ ਜੰਗ ਕਰਾਈ। ਉਨ੍ਹਾਂ ਨੇ ਹਰ ਸਿਪਾਹੀ ਦਾ ਸਿਰ ਮੁਂਨ ਦਿੱਤਾ। ਹਰ ਮੋਢਾ ਭਾਰੀ ਬੋਝ ਚੁੱਕਣ ਕਾਰਣ ਰਗੜ ਕੇ ਨੰਗਾ ਕਰ ਦਿੱਤਾ ਗਿਆ ਨਬੂਕਦਨੱਸਰ ਅਤੇ ਉਸਦੀ ਫ਼ੌਜ ਨੇ ਸੂਰ ਨੂੰ ਹਰਾਉਣ ਲਈ ਸਖਤ ਮਿਹਨਤ ਕੀਤੀ। ਪਰ ਉਨ੍ਹਾਂ ਨੂੰ ਉਸ ਸਖਤ ਮਿਹਨਤ ਤੋਂ ਕੁਝ ਵੀ ਨਹੀਂ ਮਿਲਿਆ।” 19 ਇਸ ਲਈ ਮੇਰਾ ਪ੍ਰਭੂ, ਯਹੋਵਾਹ ਇਹ ਗੱਲਾਂ ਆਖਦਾ ਹੈ, “ਮੈਂ ਬਾਬਲ ਦੇ ਰਾਜੇ, ਨਬੂਕਦਨੱਸਰ ਨੂੰ ਮਿਸਰ ਦੀ ਧਰਤੀ ਦੇ ਦਿਆਂਗਾ। ਅਤੇ ਨਬੂਕਦਨੱਸਰ ਮਿਸਰ ਦੇ ਲੋਕਾਂ ਨੂੰ ਦੂਰ ਲੈ ਜਾਵੇਗਾ। ਨਬੂਕਦਨੱਸਰ ਮਿਸਰ ਦੀਆਂ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਖੋਹ ਲਵੇਗਾ। ਇਹ ਨਬੂਕਦਨੱਸਰ ਦੀ ਫ਼ੌਜ ਲਈ ਤਨਖਾਹ ਹੋਵੇਗੀ। 20 ਮੈਂ ਨਬੂਕਦਨੱਸਰ ਨੂੰ ਮਿਸਰ ਦੀ ਧਰਤੀ ਉਸਦੀ ਸਖਤ ਮਿਹਨਤ ਦੇ ਇਨਾਮ ਵਜੋਂ ਦਿੱਤੀ ਹੈ। ਕਿਉਂ ਕਿ ਉਨ੍ਹਾਂ ਨੇ ਮੇਰੇ ਲਈ ਕੰਮ ਕੀਤਾ ਸੀ!” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!
21 “ਉਸ ਦਿਨ ਮੈਂ ਇਸਰਾਏਲ ਦੇ ਪਰਿਵਾਰ ਨੂੰ ਮਜ਼ਬੂਤ ਬਣਾ ਦਿਆਂਗਾ। ਫ਼ੇਰ (ਇਸਰਾਏਲ,) ਮੈਂ ਤੈਨੂੰ ਉਨ੍ਹਾਂ ਨਾਲ ਬੋਲਣ ਦੇਵਾਂਗਾ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਮੈਂ ਯਹੋਵਾਹ ਹਾਂ।”