ਮੂਸਾ ਦੀ ਲੋਕਾਂ ਨੂੰ ਅਸੀਸ
33
ਇਹ ਉਹ ਅਸੀਸ ਹੈ ਜਿਹੜੀ ਪਰਮੇਸ਼ੁਰ ਦੇ ਬੰਦੇ, ਮੂਸਾ ਨੇ, ਆਪਣੀ ਮੌਤ ਤੋਂ ਪਹਿਲਾਂ ਇਸਰਾਏਲ ਦੇ ਲੋਕਾਂ ਨੂੰ ਦਿੱਤੀ। ਮੂਸਾ ਨੇ ਆਖਿਆ,
“ਯਹੋਵਾਹ ਸੀਨਈ ਪਰਬਤ ਤੋਂ ਆਇਆ,
ਜਿਵੇਂ ਸਾਡੇ ਉੱਤੇ ਸੇਈਰ ਤੋਂ ਸਵੇਰ ਦੀ
ਚਮਕਦੀ ਰੌਸ਼ਨੀ ਆਉਂਦੀ ਹੈ।
ਉਹ ਪਾਰਾਨ ਪਰਬਤ ਤੋਂ ਆਉਂਦੀ ਰੌਸ਼ਨੀ ਵਾਂਗ ਚਮਕਿਆ।
ਉਹ ਆਪਣੇ ਸੱਜੇ ਹੱਥ ਵਿੱਚ ਭਖਦੀ ਹੋਈ ਰੌਸ਼ਨੀ ਨਾਲ ਦਸ ਹਜ਼ਾਰਾ ਪਵਿੱਤਰ ਹਸਤੀਆਂ ਕੋਲੋਂ ਆਇਆ।*
ਹਾਂ, ਯਹੋਵਾਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ।
ਉਸ ਦੇ ਸਾਰੇ ਪਵਿੱਤਰ ਆਦਮੀ ਉਸ ਦੇ ਹੱਥ ਵਿੱਚ ਹਨ।
ਯਹੋਵਾਹ ਉਨ੍ਹਾਂ ਨੂੰ ਰਾਹ ਵਿਖਾਉਣ ਵਾਲਾ ਹੈ
ਅਤੇ ਉਸ ਦੀਆਂ ਬਿਵਸਥਾ ਸਿੱਖ ਰਹੇ ਹਨ!
ਮੂਸਾ ਨੇ ਸਾਨੂੰ ਬਿਵਸਥਾ ਦਿੱਤੀ।
ਉਹ ਸਾਖੀਆਂ ਯਾਕੂਬ ਦੇ ਲੋਕਾਂ ਲਈ ਹਨ।
ਇਸ ਸਮੇਂ, ਇਸਰਾਏਲ ਦੇ
ਸਾਰੇ ਪਰਿਵਾਰ-ਸਮੂਹ ਅਤੇ ਉਨ੍ਹਾਂ ਦੇ ਆਗੂ ਇਕੱਠੇ ਹੋਏ ਹਨ,
ਅਤੇ ਯਹੋਵਾਹ ਯਸ਼ੁਰੂਨ (ਇਸਰਾਏਲ) ਦਾ ਰਾਜਾ ਬਣ ਗਿਆ।
ਰਊਬੇਨ ਦੀ ਅਸੀਸ
“ਰਊਬੇਨ ਜੀਵੇ, ਉਹ ਨਾ ਮਰੇ!
ਪਰ ਉਸ ਦੇ ਪਰਿਵਾਰ-ਸਮੂਹ ਅੰਦਰ ਸਿਰਫ਼ ਥੋੜੇ ਜਿਹੇ ਲੋਕ ਹੋਣ!”
ਯਹੂਦਾਹ ਦੀ ਅਸੀਸ
ਮੂਸਾ ਨੇ ਯਹੂਦਾਹ ਬਾਰੇ ਇਹ ਗੱਲਾਂ ਆਖੀਆਂ,
“ਹੇ ਯਹੋਵਾਹ, ਯਹੂਦਾਹ ਦੇ ਆਗੂ ਨੂੰ ਸੁਣ ਜਦੋਂ ਉਹ ਸਹਾਇਤਾ ਲਈ ਪੁਕਾਰ ਕਰਦਾ ਹੈ।
ਉਸ ਨੂੰ ਉਸ ਦੇ ਆਪਣੇ ਲੋਕਾਂ ਵਿੱਚ ਲੈ ਆ।
ਉਸ ਨੂੰ ਤਕੜਾ ਕਰ ਅਤੇ
ਆਪਣਿਆ ਦੁਸ਼ਮਣਾ ਨੂੰ ਹਰਾਉਣ ਵਿੱਚ ਉਸਦੀ ਸਹਾਇਤਾ ਕਰ।”
ਲੇਵੀ ਦੀ ਅਸੀਸ
ਮੂਸਾ ਨੇ ਇਹ ਗੱਲਾਂ ਲੇਵੀ ਬਾਰੇ ਆਖੀਆਂ,
“ਲੇਵੀ ਤੇਰਾ ਸੱਚਾ ਅਨੁਯਾਈ ਹੈ।
ਉਹ ਉਰੀਮ ਅਤੇ ਤੁੰਮੀਮ ਰੱਖਦਾ ਹੈ।
ਮੱਸਾਹ ਵਿੱਚ ਤੂੰ ਲੇਵੀ ਦੇ ਲੋਕਾਂ ਨੂੰ ਪਰੱਖਿਆ ਸੀ।
ਮਰੀਬਾਹ ਦੇ ਪਾਣੀਆਂ ਵਿਖੇ ਤੂੰ ਸਾਬਤ ਕੀਤਾ ਸੀ ਕਿ ਉਹ ਤੇਰੇ ਹਨ।
ਉਨ੍ਹਾਂ ਨੇ ਤੇਰਾ, ਯਹੋਵਾਹ, ਬਹੁਤ ਚੰਗੀ ਤਰ੍ਹਾਂ ਧਿਆਨ ਰੱਖਿਆ,
ਆਪਣੇ ਖੁਦ ਦੇ ਪਰਿਵਾਰਾਂ ਨਾਲੋ ਵੀ ਚੰਗੀ ਤਰ੍ਹਾਂ।
ਉਹ ਆਪਣੇ ਮਾਪਿਆ ਨੂੰ ਭੁੱਲ ਗਏ ਅਤੇ ਖੁਦ ਦੇ ਭਰਾਵਾ ਨੂੰ ਨਹੀਂ ਪਛਾਣਿਆ।
ਉਨ੍ਹਾਂ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ।
ਪਰ ਉਨ੍ਹਾਂ ਤੇਰੇ ਹੁਕਮਾ ਦੀ ਪਾਲਣਾ ਕੀਤੀ
ਅਤੇ ਉਨ੍ਹਾਂ ਤੇਰੇ ਇਕਰਾਰਨਾਮੇ ਨੂੰ ਰੱਖਿਆ ਸੀ।
10 ਉਹ ਤੁਹਾਡੇ ਯਾਕੂਬ ਨੂੰ ਬਿਧੀਆਂ ਸਿੱਖਾਉਣਗੇ।
ਉਹ ਇਸਰਾਏਲ ਨੂੰ ਤੁਹਾਡੀ ਬਿਧੀ ਸਿੱਖਾਉਣਗੇ।
ਉਹ ਤੁਹਾਡੇ ਸਾਹਮਣੇ ਧੂਫ਼ ਧੁਖਾਉਣਗੇ।
ਉਹ ਤੁਹਾਡੀ ਜਗਵੇਦੀ ਉੱਤੇ ਹੋਮ ਦੀ ਭੇਟ ਚੜ੍ਹਾਉਣਗੇ।
11 “ਮੇਰੇ ਯਹੋਵਾਹ, ਲੇਵੀ ਦੀਆਂ ਚੀਜ਼ਾਂ ਨੂੰ ਅਸੀਸ ਦੇ।
ਉਸ ਦੀਆਂ ਕੀਤੀਆਂ ਗੱਲਾਂ ਨੂੰ ਪ੍ਰਵਾਨ ਕਰ।
ਉਸ ਉੱਪਰ ਹਮਲਾ ਕਰਨ ਵਾਲੇ ਲੋਕਾਂ ਨੂੰ ਤਬਾਹ ਕਰ ਦੇ!
ਉਸ ਦੇ ਦੁਸ਼ਮਣ ਨੂੰ ਹਰਾ ਦੇ, ਤਾਂ ਜੋ ਉਹ ਦੁਬਾਰਾ ਹਮਲਾ ਨਾ ਕਰਨ।”
ਬਿਨਯਾਮੀਨ ਦੀ ਅਸੀਸ
12 ਮੂਸਾ ਨੇ ਬਿਨਯਾਮੀਨ ਬਾਰੇ ਇਹ ਆਖਿਆ,
“ਯਹੋਵਾਹ, ਬਿਨਯਾਮੀਨ ਨੂੰ ਪਿਆਰ ਕਰਦਾ ਹੈ।
ਬਿਨਯਾਮੀਨ ਉਸ ਦੇ ਨੇੜੇ ਹੋਕੇ ਰਹੇਗਾ
ਯਹੋਵਾਹ ਹਰ ਸਮੇਂ ਉਸਦੀ ਰੱਖਿਆ ਕਰਦਾ ਹੈ।
ਅਤੇ ਯਹੋਵਾਹ ਉਸਦੀ ਧਰਤੀ ਉੱਤੇ ਰਹੇਗਾ।”
ਯੂਸੁਫ਼ ਦੀ ਅਸੀਸ
13 ਮੂਸਾ ਨੇ ਯੂਸੁਫ਼ ਬਾਰੇ ਇਹ ਆਖਿਆ,
“ਸ਼ਾਲਾ ਯਹੋਵਾਹ ਯੂਸੁਫ਼ ਦੀ ਧਰਤੀ ਨੂੰ ਅਸੀਸ ਦੇਵੇ।
ਯਹੋਵਾਹ, ਉੱਪਰੋਂ ਆਕਾਸ਼ ਵਿੱਚੋਂ ਮੀਂਹ
ਅਤੇ ਹੇਠਾ ਧਰਤੀ ਵਿੱਚੋਂ ਪਾਣੀ ਭੇਜੋ।
14 ਸੂਰਜ ਉਨ੍ਹਾਂ ਨੂੰ ਚੰਗਾ ਫ਼ਲ ਦੇਵੇ।
ਹਰ ਮਹੀਨਾ ਆਪਣਾ ਉੱਤਮ ਫ਼ਲ ਲਿਆਵੇ।
15 ਪ੍ਰਾਚੀਨ ਪਹਾੜੀਆਂ ਅਤੇ ਪੁਰਾਣੇ ਪਰਬਤ ਆਪਣੇ ਸਭ ਤੋਂ
ਵੱਧੀਆ ਫ਼ਲ ਪੈਦਾ ਕਰਨ।
16 ਧਰਤੀ ਆਪਣਾ ਸਰਬੋਤਮ ਫ਼ਲ ਯੂਸੁਫ਼ ਨੂੰ ਦੇਵੇਗੀ।
ਯੂਸੁਫ਼ ਨੇ ਆਪਣੇ ਭਰਾਵਾਂ ਉੱਤੇ ਸ਼ਾਸਨ ਕੀਤਾ।
ਇਸ ਲਈ ਝਾੜੀ ਦਾ ਯਹੋਵਾਹ ਯੂਸੁਫ਼ ਨੂੰ ਸਰਬੋਤਮ ਫ਼ਲ ਦੇਵੇ।
17 ਅਫ਼ਰਾਈਮ ਅਤੇ ਮਨੱਸ਼ਹ ਪਲੋਠੇ
ਬਲਦ ਵਾਂਗ ਤੇਜਸਵੀ ਹਨ।
ਉਹ ਹੋਰਨਾ ਲੋਕਾਂ ਉੱਤੇ ਹਮਲਾ ਕਰਨਗੇ
ਅਤੇ ਉਨ੍ਹਾਂ ਨੂੰ ਧਰਤੀ ਦੇ ਅੰਤ ਤੀਕ ਧੱਕ ਦੇਣਗੇ!
ਹਾਂ, ਮਨੱਸ਼ਹ ਕੋਲ ਹਜ਼ਾਰਾ ਲੋਕ ਹਨ,
ਅਤੇ ਅਫ਼ਰਾਈਮ ਕੋਲ 10,000 ਹਨ।”
ਜ਼ਬੁਲੂਨ ਅਤੇ ਯਿੱਸਾਕਾਰ ਦੀ ਅਸੀਸ
18 ਮੂਸਾ ਨੇ ਜ਼ਬੁਲੂਨ ਬਾਰੇ ਇਹ ਆਖਿਆ,
“ਜ਼ਬੁਲੂਨ, ਖੁਸ਼ ਹੋ, ਜਦੋਂ ਵੀ ਤੂੰ ਬਾਹਰ ਜਾਵੇਂ।
ਯਿੱਸਾਕਾਰ, ਆਪਣੇ ਤੰਬੂਆਂ ਵਿੱਚ ਖੁਸ਼ ਹੋ।
19 ਉਹ ਲੋਕਾਂ ਨੂੰ ਆਪਣੇ ਪਰਬਤ ਉੱਤੇ ਸੱਦਣਗੇ।
ਉਹ ਸਹੀ ਬਲੀਆਂ ਭੇਟ ਕਰਨਗੇ
ਅਤੇ ਸਮੁੰਦਰ ਵਿੱਚੋਂ ਅਮੀਰੀਆਂ
ਅਤੇ ਕੰਢਿਆਂ ਤੋਂ ਖਜ਼ਾਨੇ ਕੱਢਣਗੇ।”
ਗਾਦ ਦੀ ਅਸੀਸ
20 ਮੂਸਾ ਨੇ ਗਾਦ ਬਾਰੇ ਇਹ ਆਖਿਆ,
“ਉਸਤਤ ਪਰਮੇਸ਼ੁਰ ਦੀ, ਜਿਸਨੇ ਗਾਦ ਨੂੰ ਦਿੱਤੀ ਹੋਰ ਧਰਤੀ!
ਬੱਬਰ ਸ਼ੇਰ ਵਰਗਾ ਹੈ ਗਾਦ।
ਲੇਟਿਆ ਰਹਿੰਦਾ ਹੈ ਉਹ ਅਤੇ ਇੰਤਜ਼ਾਰ ਕਰਦਾ ਹੈ।
ਫ਼ੇਰ ਹਮਲਾ ਕਰਦਾ ਹੈ ਉਹ ਅਤੇ ਚੀਰ ਦਿੰਦਾ ਹੈ ਜਾਨਵਰ ਨੂੰ ਫ਼ੀਤੀ-ਫ਼ੀਤੀ।
21 ਚੁਣ ਲੈਂਦਾ ਹੈ ਉਹ ਸਰਬੋਤਮ ਹਿੱਸਾ ਆਪਣੇ ਲਈ ਰੱਖਦਾ
ਹੈ ਉਹ ਕਮਾਂਡਰ ਦਾ ਹਿੱਸਾ।
ਲੋਕਾਂ ਦੇ ਆਗੂ ਆਉਂਦੇ ਨੇ ਕੋਲ ਉਸਦੇ।
ਕਰਦਾ ਹੈ ਉਹ ਉਹੀ ਜੋ ਨੇਕ ਹੈ ਯਹੋਵਾਹ ਦੀ ਨਿਗਾਹ ਵਿੱਚ।
ਕਰਦਾ ਹੈ ਉਹ ਉਹੀ ਜੋ ਠੀਕ ਹੈ ਇਸਰਾਏਲ ਦੇ ਲੋਕਾਂ ਲਈ।”
ਦਾਨ ਦੀ ਅਸੀਸ
22 ਮੂਸਾ ਨੇ ਦਾਨ ਬਾਰੇ ਇਹ ਆਖਿਆ:
“ਦਾਨ ਸ਼ੇਰ ਦਾ ਬੱਚਾ ਹੈ
ਜਿਹੜਾ ਬਾਸ਼ਾਨ ਵਿੱਚੋਂ ਝਪਟਦਾ ਹੈ।”
ਨਫ਼ਤਾਲੀ ਦੀ ਅਸੀਸ
23 ਮੂਸਾ ਨੇ ਨਫ਼ਤਾਲੀ ਬਾਰੇ ਇਹ ਆਖਿਆ:
“ਨਫ਼ਤਾਲੀ, ਤੂੰ ਚੰਗੀਆਂ ਚੀਜ਼ਾਂ ਹਾਸਿਲ ਕਰੇਗਾ।
ਯਹੋਵਾਹ ਸੱਚ ਮੁੱਚ ਤੈਨੂੰ ਅਸੀਸ ਦੇਵੇਗਾ।
ਤੂੰ ਗਲੀਲੀ ਝੀਲ ਦੇ ਦੱਖਣੀ ਕੰਢੇ ਤੀਕ ਧਰਤੀ ਹਾਸਿਲ ਕਰੇਂਗਾ।”
ਆਸ਼ੇਰ ਦੀ ਅਸੀਸ
24 ਮੂਸਾ ਨੇ ਆਸ਼ੇਰ ਦੇ ਬਾਰੇ ਇਹ ਆਖਿਆ,
“ਆਸ਼ੇਰ ਪੁੱਤਰਾਂ ਵਿੱਚੋਂ ਸਭ ਤੋਂ ਸੁਭਾਗਾ ਹੈ।
ਉਹ ਆਪਣੇ ਭਰਾਵਾਂ ਦਾ ਪਿਆਰ ਹੋਵੇ,
ਅਤੇ ਉਹ ਜੈਤੂਨ ਦੇ ਤੇਲ ਨਾਲ ਆਪਣੇ ਪੈਰ ਧੋਵੇ।
25 ਤੇਰੇ ਦਰਾ ਉੱਤੇ ਲੋਹੇ ਅਤੇ ਤਾਂਬੇ ਦੇ ਜਿੰਦਰੇ ਹੋਣਗੇ।
ਤੂੰ ਉਮਰ ਭਰ ਲਈ ਤਕੜਾ ਹੋਵੇਂਗਾ।”
ਮੂਸਾ ਪਰਮੇਸ਼ੁਰ ਦੀ ਉਸਤਤਿ ਕਰਦਾ ਹੈ
26 “ਕੋਈ ਯਸ਼ੁਰੂਨ ਦੇ ਪਰਮੇਸ਼ੁਰ ਵਰਗਾ ਨਹੀਂ!
ਉਹ ਮਿਹਰਬਾਨ ਹੋਕੇ ਤੇਰੀ ਸਹਾਇਤਾ ਕਰਨ ਲਈ
ਬੱਦਲਾਂ ਰਾਹੀਂ ਅਕਾਸ਼ ਵਿੱਚ, ਸਵਾਰੀ ਕਰਦਾ ਹੈ।
27 ਸਦੀਵ ਪਰਮੇਸ਼ੁਰ
ਤੇਰੀ ਸੁਰੱਖਿਆ ਦਾ ਸਥਾਨ ਹੈ।
ਉਸ ਦੀ ਸਦੀਵ ਸ਼ਕਤੀ
ਤੇਰਾ ਬਚਾਉ ਕਰਦੀ ਹੈ,
ਉਹ ਤੇਰੇ ਦੁਸ਼ਮਣਾ ਨੂੰ ਇਹ ਆਖਦਿਆ ਤੇਰੀ ਧਰਤੀ
ਵਿੱਚੋਂ ਕੱਢ ਦੇਵੇਗਾ, ‘ਤਬਾਹ ਕਰ ਦੇ ਦੁਸ਼ਮਣ ਨੂੰ!’
28 ਇਸ ਲਈ ਇਸਰਾਏਲ ਸੁਰੱਖਿਅਤ ਰਹੇਗਾ,
ਯਾਕੂਬ ਦਾ ਖੂਹ ਸੁਰੱਖਿਅਤ ਹੈ।
ਉਹ ਧਰਤੀ, ਅਨਾਜ ਅਤੇ ਮੈਅ ਵਾਲੀ ਹਾਸਿਲ ਕਰਨਗੇ।
ਅਤੇ ਉਸ ਧਰਤੀ ਉੱਤੇ ਕਾਫ਼ੀ ਬਰੱਖਾ ਹੋਵੇਗੀ।
29 ਇਸਰਾਏਲ, ਤੂੰ ਸੁਭਾਗਾ ਹੈ।
ਕੋਈ ਹੋਰ ਦੇਸ਼ ਤੇਰੇ ਜਿਹਾ ਨਹੀਂ।
ਯਹੋਵਾਹ ਨੇ ਤੇਰਾ ਬਚਾਉ ਕੀਤਾ ਸੀ।
ਉਹ ਉਸ ਮਜ਼ਬੂਤ ਢਾਲ ਵਰਗਾ ਜੋ ਤੇਰਾ ਬਚਾਉ ਕਰਦੀ ਹੈ।
ਉਹ ਤਲਵਾਰ ਜਿਹਾ ਸ਼ਕਤੀਸ਼ਾਲੀ ਹੈ।
ਤੇਰੇ ਕੋਲੋਂ ਤੇਰੇ ਦੁਸ਼ਮਣ ਭੈਭੀਤ ਹੋਣਗੇ
ਅਤੇ ਤੂੰ ਉਨ੍ਹਾਂ ਦੇ ਪਵਿੱਤਰ ਸਥਾਨ ਲਿਤਾੜ ਦੇਵੇਗਾ।”
* 33:2 “ਯਹੋਵਾਹ … ਕੋਲੋਂ ਆਇਆ ਜਾਂ, “ਯਹੋਵਾਹ 10,000 ਪਵਿੱਤਰ ਦੂਤਾ ਕੋਲੋਂ ਆਇਆ ਜਿੱਥੇ ਉਸ ਦੇ ਸੈਨਿਕ ਉਸ ਦੇ ਸੱਜੇ ਪਾਸੇ ਸਨ। 33:8 ਮੱਸਾਹ … ਮਰੀਬਾਹ ਕਹਾਣੀ ਲਈ ਗਿਣਤੀ 20:1-13 33:12 ਅਤੇ ਯਹੋਵਾਹ ਉਸਦੀ ਧਰਤੀ ਉੱਤੇ ਰਹੇਗਾ ਮੂਲਅਰਥ, “ਅਤੇ ਉਹ ਉਸ ਦੇ ਮੋਢਿਆਂ ਦਰਮਿਆਨ ਵਸੇਗਾ।” ਸੰਭਵਤਾ ਇਸਦਾ ਅਰਥ ਹੈ ਕਿ ਯਹੋਵਾਹ ਦਾ ਮੰਦਰ ਯਰੂਸ਼ਲਮ ਵਿੱਚ, ਬਿਨਯਾਮੀਨ ਅਤੇ ਯਹੂਦਾਹ ਦੀ ਧਰਤੀ ਦੀ ਸੀਮਾ ਦੇ ਵਿੱਚਕਾਰ ਹੋਵੇਗਾ।