ਹੋਰ ਕਾਨੂੰਨ
22
1 “ਜੇ ਤੁਸੀਂ ਦੇਖਦੇ ਹੋ ਕਿ ਤੁਹਾਡੇ ਗੁਆਂਢੀ ਦੀ ਗਾਂ ਜਾਂ ਭੇਡ ਖੁਲ੍ਹ ਗਈ ਹੈ ਤਾਂ ਤੁਹਾਨੂੰ ਇਸ ਨੂੰ ਅਣਡਿਠ ਨਹੀਂ ਕਰਨਾ ਚਾਹੀਦਾ। ਤੁਹਾਨੂੰ ਚਾਹੀਦਾ ਹੈ ਕਿ ਇਸ ਨੂੰ ਉਸ ਦੇ ਮਾਲਕ ਕੋਲ ਜ਼ਰੂਰ ਲੈ ਕੇ ਜਾਵੋ।
2 ਜੇ ਮਾਲਕ ਤੁਹਾਡੇ ਨੇੜੇ ਨਹੀਂ ਰਹਿੰਦਾ ਜਾਂ ਤੁਸੀਂ ਇਹ ਨਹੀਂ ਜਾਣਦੇ ਕਿ ਇਸਦਾ ਮਾਲਕ ਕੌਣ ਹੈ ਤਾਂ ਤੁਸੀਂ ਉਸ ਗਾਂ ਜਾਂ ਭੇਡ ਨੂੰ ਆਪਣੇ ਘਰ ਰੱਖ ਸੱਕਦੇ ਹੋ ਅਤੇ ਤੁਸੀਂ ਉਸ ਨੂੰ ਓਨਾ ਚਿਰ ਤੱਕ ਰੱਖ ਸੱਕਦੇ ਹੋ ਜਦੋਂ ਤੱਕ ਕਿ ਉਸਦਾ ਮਾਲਕ ਉਸ ਨੂੰ ਲੱਭਦਾ ਹੋਇਆ ਆ ਨਹੀਂ ਜਾਂਦਾ। ਫ਼ੇਰ ਤੁਹਾਨੂੰ ਉਸ ਨੂੰ ਜ਼ਰੂਰ ਵਾਪਸ ਕਰ ਦੇਣਾ ਚਾਹੀਦਾ ਹੈ।
3 ਤੁਹਾਨੂੰ ਅਜਿਹਾ ਸਿਰਫ਼ ਉਦੋਂ ਹੀ ਕਰਨਾ ਚਾਹੀਦਾ ਜਦੋਂ ਤੁਸੀਂ ਆਪਣੇ ਗੁਆਂਢੀ ਦੇ ਖੋਤੇ, ਜਾਂ ਉਸ ਦੇ ਕੱਪੜੇ ਜਾਂ ਉਸਦੀ ਕੋਈ ਗੁੰਮ ਹੋਈ ਚੀਜ਼ ਨੂੰ ਲੱਭ ਲਵੋ। ਤੁਹਾਨੂੰ ਆਪਣੇ ਗੁਆਂਢੀ ਦੀ ਸਹਾਇਤਾ ਕਰਨੀ ਚਾਹੀਦੀ ਹੈ।
4 “ਜੇ ਤੁਹਾਡੇ ਗੁਆਂਢੀ ਦਾ ਖੋਤਾ ਜਾਂ ਗਾਂ ਸੜਕ ਉੱਤੇ ਡਿੱਗ ਪਵੇ, ਤੁਹਾਨੂੰ ਇਸ ਨੂੰ ਅਣਡਿਠ ਨਹੀਂ ਕਰਨਾ ਚਾਹੀਦਾ। ਤੁਹਾਨੂੰ ਇਸ ਨੂੰ ਉੱਠਾਉਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।
5 “ਕਿਸੇ ਔਰਤ ਨੂੰ ਆਦਮੀਆਂ ਵਾਲੇ ਕੱਪੜੇ ਨਹੀਂ ਪਹਿਨਣੇ ਚਾਹੀਦੇ ਅਤੇ ਆਦਮੀ ਨੂੰ ਔਰਤਾਂ ਵਾਲੇ ਕੱਪੜੇ ਨਹੀਂ ਪਹਿਨਣੇ ਚਾਹੀਦੇ। ਯਹੋਵਾਹ, ਤੁਹਾਡੇ ਪਰਮੇਸ਼ੁਰ, ਲਈ ਇਹ ਗੱਲ ਬੜੀ ਘਿਰਣਾਯੋਗ ਹੈ।
6 “ਹੋ ਸੱਕਦਾ ਹੈ ਤੁਸੀਂ ਰਾਹ ਉੱਤੇ ਤੁਰ ਰਹੇ ਹੋਵੋ ਅਤੇ ਤੁਹਾਨੂੰ ਕਿਸੇ ਰੁੱਖ ਉੱਤੇ ਜਾਂ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ। ਜੇ ਮਾਦਾ ਪੰਛੀ ਆਪਣੇ ਬੱਚਿਆਂ ਨਾਲ ਜਾਂ ਆਂਡਿਆਂ ਉੱਤੇ ਬੈਠੀ ਹੋਵੇ ਤਾਂ ਤੁਹਾਨੂੰ ਮਾਦਾ ਪੰਛੀ ਨੂੰ ਬੱਚਿਆਂ ਸਮੇਤ ਨਹੀਂ ਚੁੱਕਣਾ ਚਾਹੀਦਾ।
7 ਬੱਚਿਆਂ ਨੂੰ ਤੁਸੀਂ ਆਪਣੇ ਲਈ ਚੁੱਕ ਸੱਕਦੇ ਹੋ ਪਰ ਤੁਹਾਨੂੰ ਉਸ ਮਾਦਾ ਨੂੰ ਛੱਡ ਦੇਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਕਾਨੂੰਨਾ ਦੀ ਪਾਲਣਾ ਕਰੋਂਗੇ ਤਾਂ ਤੁਹਾਡਾ ਭਲਾ ਹੋਵੇਗਾ ਅਤੇ ਤੁਸੀਂ ਲੰਮੀ ਉਮਰ ਭੋਗੋਂਗੇ।
8 “ਜਦੋਂ ਤੁਸੀਂ ਨਵਾਂ ਘਰ ਬਣਾਵੋਂ, ਤੁਸੀਂ ਆਪਣੀ ਛੱਤ ਦੇ ਦੁਆਲੇ ਇੱਕ ਨੀਵੀਂ ਕੰਧ ਬਣਾਵੋ। ਫ਼ੇਰ ਤੁਸੀਂ ਕਿਸੇ ਵਿਅਕਤੀ ਦੇ ਮੌਤ ਦੇ ਦੋਸ਼ੀ ਨਹੀਂ ਹੋਵੋਂਗੇ, ਜੇਕਰ ਉਹ ਤੁਹਾਡੀ ਛੱਤ ਤੋਂ ਡਿੱਗ ਪੈਂਦਾ ਹੈ।
ਉਹ ਚੀਜ਼ਾਂ ਜਿਹੜੀਆਂ ਇਕੱਠੀਆਂ ਨਹੀਂ ਰੱਖਣੀਆਂ ਚਾਹੀਦੀਆਂ
9 “ਤੁਹਾਨੂੰ ਅੰਗੂਰਾਂ ਦੇ ਬਾਗਾਂ ਵਿੱਚ ਅਨਾਜ ਨਹੀਂ ਬੀਜਣਾ ਚਾਹੀਦਾ। ਕਿਉਂਕਿ ਉਹ ਬੇਕਾਰ ਹੋ ਜਾਣਗੇ ਫ਼ਿਰ ਤੁਸੀਂ ਨਾ ਤਾਂ ਅੰਗੂਰਾਂ ਦੀ ਵਰਤੋਂ ਕਰ ਸੱਕੋਂਗੇ ਅਤੇ ਨਾ ਉਸ ਅਨਾਜ ਦੀ ਜਿਹੜਾ ਉਨ੍ਹਾਂ ਬੀਜੇ ਹੋਏ ਬੀਜਾਂ ਤੋਂ ਉੱਗੇਗਾ।
10 “ਤੁਹਾਨੂੰ ਚਾਹੀਦਾ ਹੈ ਕਿ ਗਾਂ ਅਤੇ ਖੋਤੇ ਨਾਲ ਇਕੱਠਿਆਂ ਹੱਲ ਨਾ ਵਾਹੋ।
11 “ਤੁਹਾਨੂੰ ਲਿਨਨ ਅਤੇ ਉੱਨ ਤੋਂ ਇਕੱਠੇ ਬਣੇ ਕੱਪੜੇ ਨਹੀਂ ਪਹਿਨਣੇ ਚਾਹੀਦੇ।
12 “ਧਾਗਿਆਂ ਦੇ ਕੁਝ ਟੁਕੜਿਆਂ ਨੂੰ ਇਕੱਠਿਆਂ ਬੰਨ੍ਹੋ। ਫ਼ੇਰ ਇਨ੍ਹਾਂ ਫ਼ੁਮ੍ਹਣਾ ਨੂੰ ਆਪਣੇ ਪਹਿਨਣ ਵਾਲੇ ਚੋਲੇ ਦੀਆਂ ਚੌਹਾਂ ਨੁਕਰਾਂ ਉੱਤੇ ਬੰਨ੍ਹੋ।
ਵਿਆਹ ਦੇ ਕਾਨੂੰਨ
13 “ਕੋਈ ਬੰਦਾ ਕਿਸੇ ਕੁੜੀ ਨਾਲ ਵਿਆਹ ਕਰ ਸੱਕਦਾ ਹੈ ਅਤੇ ਉਸ ਨਾਲ ਜਿਨਸੀ ਸੰਬੰਧ ਕਾਇਮ ਕਰ ਸੱਕਦਾ ਹੈ ਹੋ ਸੱਕਦਾ ਹੈ ਫ਼ੇਰ ਉਹ ਇਹ ਨਿਆਂ ਕਰੇ ਕਿ ਉਹ ਉਸ ਨੂੰ ਪਸੰਦ ਨਹੀਂ ਕਰਦਾ।
14 ਹੋ ਸੱਕਦਾ ਹੈ ਉਹ ਝੂਠ ਬੋਲੇ ਅਤੇ ਆਖੇ, ‘ਮੈਂ ਇੱਕ ਔਰਤ ਨਾਲ ਵਿਆਹ ਕੀਤਾ ਸੀ ਪਰ ਜਦੋਂ ਅਸੀਂ ਜਿਨਸੀ ਸੰਬੰਧ ਕਾਇਮ ਕੀਤੇ ਤਾਂ ਮੈਨੂੰ ਪਤਾ ਲੱਗਿਆ ਕਿ ਉਹ ਕੁਆਰੀ ਨਹੀਂ ਸੀ।’ ਉਸ ਦੇ ਵਿਰੁੱਧ ਇਹ ਆਖਣ ਨਾਲ ਹੋ ਸੱਕਦਾ ਹੈ ਕਿ ਲੋਕ ਉਸ ਬਾਰੇ ਮਾੜੀਆਂ ਗੱਲਾਂ ਸੋਚਣ।
15 ਜੇ ਇਉਂ ਵਾਪਰੇ ਤਾਂ ਕੁੜੀ ਦੇ ਮਾਤਾ-ਪਿਤਾ ਨੂੰ ਕਸਬੇ ਦੇ ਬਜ਼ੁਰਗਾਂ ਅੱਗੇ ਸਭਾ ਵਾਲੀ ਥਾਂ ਉੱਤੇ ਸਬੂਤ ਲੈ ਕੇ ਆਉਣਾ ਚਾਹੀਦਾ ਹੈ ਕਿ ਕੁੜੀ ਕੁਆਰੀ ਸੀ।
16 ਕੁੜੀ ਦੇ ਪਿਤਾ ਨੂੰ ਆਗੂਆਂ ਨੂੰ ਇਹ ਆਖਣਾ ਚਾਹੀਦਾ ਹੈ, ‘ਮੈਂ ਆਪਣੀ ਧੀ ਇਸ ਆਦਮੀ ਨੂੰ ਵਿਆਹੀ ਸੀ ਪਰ ਹੁਣ ਇਹ ਉਸ ਨੂੰ ਨਹੀਂ ਚਾਹੁੰਦਾ।
17 ਇਸ ਆਦਮੀ ਨੇ ਮੇਰੀ ਧੀ ਦੇ ਵਿਰੁੱਧ ਝੂਠ ਬੋਲਿਆ ਹੈ ਉਸ ਨੇ ਆਖਿਆ ਸੀ, “ਮੈਨੂੰ ਇਹ ਸਬੂਤ ਨਹੀਂ ਮਿਲਿਆ ਕਿ ਤੁਹਾਡੀ ਧੀ ਕੁਆਰੀ ਹੈ।” ਪਰ ਇਸ ਗੱਲ ਦਾ ਇਹ ਸਬੂਤ ਇਹ ਹੈ ਕਿ ਮੇਰੀ ਧੀ ਕੁਆਰੀ ਸੀ।’ ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਕਸਬੇ ਦੇ ਆਗੂਆਂ ਨੂੰ ਕੱਪੜਾ ਦਿਖਾਉਣ।
18 ਫ਼ੇਰ ਉਸ ਕਸਬੇ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਸ ਆਦਮੀ ਨੂੰ ਫ਼ੜ ਲੈਣ ਅਤੇ ਉਸ ਨੂੰ ਸਜ਼ਾ ਦੇਣ।
19 ਉਨ੍ਹਾਂ ਨੂੰ ਉਸ ਉੱਤੇ 40 ਓਸ ਚਾਂਦੀ ਜ਼ੁਰਮਾਨਾ ਕਰਨਾ ਚਾਹੀਦਾ ਅਤੇ ਇਹ ਪੈਸਾ ਕੁੜੀ ਦੇ ਪਿਉ ਨੂੰ ਦੇਣਾ ਚਾਹੀਦਾ ਹੈ। ਕਿਉਂਕਿ ਉਸ ਨੇ ਇਸਰਾਏਲ ਦੀ ਕੁਆਰੀ ਕੁੜੀ ਦਾ ਨਾਮ ਖਰਾਬ ਕੀਤਾ ਹੈ। ਉਸ ਨੂੰ ਚਾਹੀਦਾ ਹੈ ਕਿ ਉਹ ਉਸ ਆਦਮੀ ਦੀ ਪਤਨੀ ਬਣੀ ਰਹੇ ਅਤੇ ਉਹ ਉਸ ਨੂੰ ਆਪਣੀ ਸਾਰੀ ਉਮਰ ਤਲਾਕ ਨਹੀਂ ਦੇ ਸੱਕੇਗਾ।
20 “ਪਰ ਹੋ ਸੱਕਦਾ ਹੈ ਕਿ ਪਤੀ ਨੇ ਜਿਹੜੀਆਂ ਗੱਲਾਂ ਆਪਣੀ ਪਤਨੀ ਬਾਰੇ ਆਖੀਆਂ ਹੋਣ ਉਹ ਸੱਚ ਹੋਣ। ਪਤਨੀ ਦੇ ਮਾਪਿਆਂ ਕੋਲ ਅਜਿਹਾ ਸਬੂਤ ਨਾ ਹੋਵੇ ਕਿ ਉਹ ਕੁਆਰੀ ਸੀ। ਜੇ ਅਜਿਹਾ ਵਾਪਰੇ,
21 ਤਾਂ ਕਸਬੇ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਸ ਕੁੜੀ ਨੂੰ ਉਸ ਦੇ ਮਾਪਿਆਂ ਦੇ ਘਰ ਦੇ ਦਰਵਾਜ਼ੇ ਉੱਤੇ ਲੈ ਆਉਣ। ਫ਼ੇਰ ਕਸਬੇ ਦੇ ਆਦਮੀਆਂ ਨੂੰ ਚਾਹੀਦਾ ਹੈ ਕਿ ਉਹ ਉਸ ਨੂੰ ਪੱਥਰ ਮਾਰਕੇ ਮਾਰ ਦੇਣ। ਕਿਉਂਕਿ ਉਸ ਨੇ ਇਸਰਾਏਲ ਵਿੱਚ ਬੜੀ ਸ਼ਰਮਸਾਰੀ ਵਾਲ ਗੱਲ ਕੀਤੀ ਹੈ। ਉਸ ਨੇ ਆਪਣੇ ਪਿਤਾ ਦੇ ਘਰ ਇੱਕ ਵੇਸਵਾ ਵਾਲਾ ਕੰਮ ਕੀਤਾ ਹੈ। ਤੁਹਾਨੂੰ ਚਾਹੀਦਾ ਹੈ ਕਿ ਆਪਣੇ ਲੋਕਾਂ ਵਿੱਚੋਂ ਇਸ ਬਦੀ ਨੂੰ ਦੂਰ ਕਰ ਦੇਵੋ।
ਜਿਨਸੀ ਪਾਪ
22 “ਜੇ ਕੋਈ ਬੰਦਾ ਕਿਸੇ ਹੋਰ ਦੀ ਪਤਨੀ ਨਾਲ ਜਿਸ ਨੂੰ ਸੰਬੰਧ ਰੱਖਦਾ ਫ਼ੜਿਆ ਜਾਂਦਾ ਹੈ ਤਾਂ ਉਨ੍ਹਾਂ ਦੋਹਾਂ ਨੂੰ ਮਾਰਨਾ ਚਾਹੀਦਾ ਹੈ-ਉਸ ਔਰਤ ਅਤੇ ਉਸ ਮਰਦ ਨੂੰ ਜਿਸਨੇ ਉਸ ਦੇ ਨਾਲ ਜਿਨਸੀ ਸੰਬੰਧ ਰੱਖੇ। ਤੁਹਾਨੂੰ ਚਾਹੀਦਾ ਹੈ ਕਿ ਇਸ ਬਦੀ ਨੂੰ ਇਸਰਾਏਲ ਵਿੱਚੋਂ ਦੂਰ ਕਰ ਦਿਉ।
23 “ਹੋ ਸੱਕਦਾ ਹੈ ਕਿ ਕੋਈ ਆਦਮੀ ਕਿਸੇ ਹੋਰ ਆਦਮੀ ਨਾਲ ਮੰਗੀ ਹੋਈ ਕੁਆਰੀ ਕੁੜੀ ਨੂੰ ਮਿਲੇ ਉਹ ਉਸ ਨਾਲ ਜਿਨਸੀ ਸੰਬੰਧ ਕਾਇਮ ਕਰੇ। ਜੇ ਅਜਿਹੀ ਗੱਲ ਸ਼ਹਿਰ ਵਿੱਚ ਵਾਪਰੇ,
24 ਤਾਂ ਤੁਹਾਨੂੰ ਚਾਹੀਦਾ ਹੈ ਕਿ ਦੋਹਾਂ ਨੂੰ ਸ਼ਹਿਰ ਦੇ ਦਰਵਾਜ਼ੇ ਨੇੜੇ ਜਨਤਕ ਥਾਂ ਉੱਤੇ ਲੈ ਆਉ ਅਤੇ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦਿਉ। ਤੁਹਾਨੂੰ ਆਦਮੀ ਨੂੰ ਮਾਰਨਾ ਚਾਹੀਦਾ ਹੈ ਕਿਉਂਕਿ ਉਸ ਨੇ ਕਿਸੇ ਹੋਰ ਦੀ ਪਤਨੀ ਨਾਲ ਜਿਨਸੀ ਪਾਪ ਕੀਤਾ। ਅਤੇ ਤੁਹਾਨੂੰ ਉਸ ਕੁੜੀ ਨੂੰ ਮਾਰ ਦੇਣਾ ਚਾਹੀਦਾ ਹੈ ਕਿਉਂਕਿ ਉਸ ਨੇ ਸ਼ਹਿਰ ਵਿੱਚ ਹੁੰਦਿਆ ਸਹਾਇਤਾ ਲਈ ਪੁਕਾਰ ਨਹੀਂ ਕੀਤੀ। ਤੁਹਾਨੂੰ ਆਪਣੇ ਲੋਕਾਂ ਵਿੱਚੋਂ ਇਸ ਬਦੀ ਨੂੰ ਦੂਰ ਕਰ ਦੇਣਾ ਚਾਹੀਦਾ ਹੈ।
25 “ਪਰ ਜੇ ਕੋਈ ਆਦਮੀ ਕਿਸੇ ਮੰਗੀ ਹੋਈ ਕੁੜੀ ਨੂੰ ਬਾਹਰ ਖੇਤ ਵਿੱਚ ਮਿਲਦਾ ਹੈ ਅਤੇ ਉਸ ਨਾਲ ਜ਼ਬਰਦਸਤੀ ਜਿਨਸੀ ਸੰਬੰਧ ਕਾਇਮ ਕਰਦਾ ਹੈ ਤਾਂ ਸਿਰਫ਼ ਆਦਮੀ ਨੂੰ ਹੀ ਮਾਰਨਾ ਚਾਹੀਦਾ ਹੈ।
26 ਤੁਹਾਨੂੰ ਕੁੜੀ ਨੂੰ ਕੁਝ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਸ ਨੇ ਅਜਿਹਾ ਕੁਝ ਨਹੀਂ ਕੀਤਾ ਜਿਸ ਨਾਲ ਉਹ ਮੌਤ ਦੀ ਅਧਿਕਾਰਨ ਹੋਵੇ। ਇਹ ਕਿਸੇ ਬੰਦੇ ਦੇ ਆਪਣੇ ਗੁਆਂਢੀ ਉੱਤੇ ਹਮਲਾ ਕਰਕੇ ਉਸ ਨੂੰ ਮਾਰਨ ਵਾਂਗ ਹੀ ਹੈ।
27 ਕਿਉਂਕਿ ਆਦਮੀ ਨੇ ਮੰਗੀ ਕੋਈ ਕੁੜੀ ਉੱਤੇ ਖੇਤ ਵਿੱਚ ਹਮਲਾ ਕੀਤਾ। ਹੋ ਸੱਕਦਾ ਹੈ ਕਿ ਉਸ ਨੇ ਸਹਾਇਤਾ ਲਈ ਆਵਾਜ਼ਾ ਮਾਰੀਆਂ ਹੋਣ ਪਰ ਉੱਥੇ ਉਸਦੀ ਸਹਾਇਤਾ ਕਰਨ ਵਾਲਾ ਕੋਈ ਨਾ ਹੋਵੇ। ਇਸ ਲਈ ਉਸ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ।
28 “ਹੋ ਸੱਕਦਾ ਹੈ ਕਿਸੇ ਬੰਦੇ ਨੂੰ ਕੋਈ ਕੁਆਰੀ ਕੁੜੀ ਟੱਕਰੇ ਜਿਹੜੀ ਮੰਗੀ ਹੋਈ ਨਾ ਹੋਵੇ ਅਤੇ ਉਹ ਉਸ ਨਾਲ ਜ਼ਬਰਦਸਤੀ ਜਿਨਸੀ ਸੰਬੰਧ ਕਾਇਮ ਕਰੇ। ਜੇ ਹੋਰ ਲੋਕ ਇਸ ਨੂੰ ਵਾਪਰਦਿਆਂ ਦੇਖ ਲੈਣ,
29 ਤਾਂ ਉਸ ਨੂੰ ਕੁੜੀ ਦੇ ਪਿਤਾ ਨੂੰ ਵੀਹ ਓਸ ਚਾਂਦੀ ਦੇਣੀ ਚਾਹੀਦੀ ਹੈ। ਅਤੇ ਉਹ ਉਸਦੀ ਪਤਨੀ ਬਣ ਜਾਵੇਗੀ। ਕਿਉਂਕਿ ਉਸ ਨੇ ਉਸਦਾ ਨਿਰਾਦਰ ਕੀਤਾ, ਉਹ ਉਸ ਨੂੰ ਆਪਣੀ ਸਾਰੀ ਉਮਰ ਤਲਾਕ ਨਹੀਂ ਦੇ ਸੱਕਦਾ।
30 “ਕਿਸੇ ਬੰਦੇ ਨੂੰ ਆਪਣੇ ਪਿਤਾ ਦੀ ਪਤਨੀ ਨਾਲ ਜਿਸਨੀ ਸੰਬੰਧ ਕਾਇਮ ਕਰਕੇ ਆਪਣੇ ਪਿਤਾ ਲਈ ਸ਼ਰਮਸਾਰੀ ਦਾ ਕਾਰਣ ਨਹੀਂ ਬਨਣਾ ਚਾਹੀਦਾ।