ਪਰਮੇਸ਼ੁਰ ਦੀ ਉਪਾਸਨਾ ਦਾ ਸਥਾਨ
12
“ਇਹ ਉਹ ਕਾਨੂੰਨ ਅਤੇ ਬਿਧੀਆਂ ਹਨ ਜਿਨ੍ਹਾਂ ਦੀ ਤੁਹਾਨੂੰ ਆਪਣੀ ਨਵੀਂ ਧਰਤੀ ਵਿੱਚ ਪਾਲਣਾ ਕਰਨੀ ਚਾਹੀਦੀ ਹੈ। ਜਿੰਨਾ ਚਿਰ ਤੁਸੀਂ ਇਸ ਧਰਤੀ ਉੱਤੇ ਰਹਿੰਦੇ ਹੋ ਤੁਹਾਨੂੰ ਇਨ੍ਹਾਂ ਕਾਨੂੰਨਾ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ। ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਅਤੇ ਯਹੋਵਾਹ ਤੁਹਾਨੂੰ ਇਹ ਧਰਤੀ ਦੇ ਰਿਹਾ ਹੈ। ਤੁਸੀਂ ਇਹ ਧਰਤੀ ਉਨ੍ਹਾਂ ਕੌਮਾਂ ਕੋਲੋਂ ਖੋਹ ਲਵੋਂਗੇ ਜਿਹੜੀਆਂ ਹੁਣ ਉੱਥੇ ਰਹਿੰਦੀਆਂ ਹਨ। ਤੁਹਾਨੂੰ ਉਨ੍ਹਾਂ ਸਾਰੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ ਜਿੱਥੇ ਇਨ੍ਹਾਂ ਕੌਮਾਂ ਦੇ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਇਹ ਥਾਵਾਂ ਉੱਚੇ ਪਹਾੜਾਂ ਉੱਤੇ, ਪਹਾੜੀਆਂ ਉੱਤੇ ਅਤੇ ਹਰੇ ਰੁੱਖਾਂ ਹੇਠਾਂ ਹਨ। ਤੁਹਾਨੂੰ ਉਨ੍ਹਾਂ ਦੀਆਂ ਜਗਵੇਦੀਆਂ ਅਤੇ ਯਾਦਗਾਰੀ ਪੱਥਰਾਂ ਨੂੰ ਟੁਕੜੇ-ਟੁਕੜੇ ਕਰ ਦੇਣੇ ਚਾਹੀਦੇ ਹਨ। ਤੁਹਾਨੂੰ ਉਨ੍ਹਾਂ ਦੇ ਅਸ਼ੇਰਾਹ ਦੇ ਥੰਮਾਂ ਅਤੇ ਉਨ੍ਹਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਭੰਨ ਦੇਣੀਆਂ ਚਾਹੀਦੀਆਂ ਹਨ। ਤੁਹਾਨੂੰ ਉਨ੍ਹਾਂ ਥਾਵਾਂ ਤੋਂ ਉਨ੍ਹਾਂ ਦੇ ਦੇਵਤਿਆਂ ਦੇ ਨਾਮ ਮਿਟਾ ਦੇਣੇ ਚਾਹੀਦੇ ਹਨ।
“ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਉਪਾਸਨਾ ਉਸੇ ਤਰ੍ਹਾਂ ਨਹੀਂ ਕਰਨੀ ਚਾਹੀਦੀ ਜਿਵੇਂ ਉਹ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਪਰਿਵਾਰ-ਸਮੂਹਾਂ ਦਰਮਿਆਨ ਇੱਕ ਖਾਸ ਥਾਂ ਦੀ ਚੋਣ ਕਰੇਗਾ। ਅਤੇ ਉੱਥੇ ਆਪਣਾ ਨਾਮ ਰੱਖੇਗਾ। ਇਹ ਉਸਦਾ ਖਾਸ ਸਥਾਨ ਹੋਵੇਗਾ ਅਤੇ ਤੁਹਾਨੂੰ ਉੱਥੇ ਉਸਦੀ ਉਪਾਸਨਾ ਕਰਨ ਲਈ ਜਾਣਾ ਚਾਹੀਦਾ ਹੈ। ਉੱਥੇ ਤੁਹਾਨੂੰ ਆਪਣੇ ਹੋਮ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੀਆਂ ਫ਼ਸਲਾਂ ਅਤੇ ਆਪਣੇ ਪਸ਼ੂਆਂ ਦਾ ਦਸਵੰਧ, ਆਪਣੀਆਂ ਖਾਸ ਸੁਗਾਤਾਂ, ਯਹੋਵਾਹ ਲਈ ਇਕਰਾਰ ਕੀਤੀ ਹੋਈ ਕੋਈ ਸੁਗਾਤ, ਕੋਈ ਵੀ ਖਾਸ ਸੁਗਾਤ ਜਿਹੜੀ ਤੁਸੀਂ ਦੇਣੀ ਚਾਹੋਂ, ਅਤੇ ਤੁਹਾਡੇ ਵੱਗਾਂ ਅਤੇ ਇੱਜੜਾਂ ਦੇ ਪਲੋਠੇ ਪਸ਼ੂ ਚੜ੍ਹਾਉਣੇ ਚਾਹੀਦੇ ਹਨ। ਤੁਸੀਂ ਅਤੇ ਤੁਹਾਡੇ ਪਰਿਵਾਰ ਉਸ ਥਾਂ ਸਾਂਝਾ ਭੋਜਨ ਕਰੋਂਗੇ, ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਉੱਥੇ ਤੁਹਾਡੇ ਨਾਲ ਹੋਵੇਗਾ। ਉਸ ਥਾਂ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਸਾਂਝਿਆਂ ਕਰਨ ਦਾ ਆਨੰਦ ਮਾਣੋਗੇ ਜਿਨ੍ਹਾਂ ਲਈ ਤੁਸੀਂ ਕੰਮ ਕੀਤਾ ਸੀ। ਤੁਸੀਂ ਯਾਦ ਕਰੋਂਗੇ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਅਸੀਸ ਦਿੱਤੀ ਸੀ ਅਤੇ ਇਹ ਚੰਗੀਆਂ ਚੀਜ਼ਾਂ ਦਿੱਤੀਆਂ ਸਨ।
“ਤੁਹਾਨੂੰ ਉਸੇ ਤਰ੍ਹਾਂ ਉਪਾਸਨਾ ਨਹੀਂ ਕਰਦੇ ਰਹਿਣਾ ਚਾਹੀਦਾ ਜਿਵੇਂ ਅਸੀਂ ਕਰਦੇ ਆਏ ਹਾਂ। ਹੁਣ ਤੱਕ, ਸਾਡੇ ਵਿੱਚੋਂ ਹਰੇਕ ਆਪਣੀ ਮਨ ਮਰਜ਼ੀ ਅਨੁਸਾਰ ਉਪਾਸਨਾ ਕਰਦਾ ਆਇਆ ਹੈ। ਕਿਉਂਕਿ ਹਾਲੇ ਤੱਕ ਅਸੀਂ ਉਸ ਸ਼ਾਂਤਮਈ ਧਰਤੀ ਵਿੱਚ ਦਾਖਲ ਨਹੀਂ ਹੋਏ ਹਾਂ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ। 10 ਪਰ ਤੁਸੀਂ ਯਰਦਨ ਨਦੀ ਦੇ ਪਾਰ ਜਾਵੋਂਗੇ ਅਤੇ ਉਸ ਧਰਤੀ ਵਿੱਚ ਰਹੋਂਗੇ। ਯਹੋਵਾਹ ਤੁਹਾਨੂੰ ਉਹ ਧਰਤੀ ਦੇ ਰਿਹਾ ਹੈ। ਅਤੇ ਯਹੋਵਾਹ ਤੁਹਾਡੇ ਦੁਸ਼ਮਣਾ ਤੋਂ ਆਰਾਮ ਦੇਵੇਗਾ। ਤੁਸੀਂ ਸੁਰੱਖਿਅਤ ਹੋਵੋਂਗੇ। 11 ਫ਼ੇਰ ਯਹੋਵਾਹ ਆਪਣੇ ਖਾਸ ਸਥਾਨ ਦੀ ਚੋਣ ਕਰੇਗਾ। ਉਹ ਉੱਥੇ ਆਪਣਾ ਨਾਮ ਰੱਖੇਗਾ ਅਤੇ ਤੁਹਾਨੂੰ ਉਹ ਸਾਰੀਆਂ ਵਸਤਾਂ, ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ, ਲਿਆਉਣੀਆਂ ਚਾਹੀਦੀਆਂ ਹਨ। ਆਪਣੀਆਂ ਹੋਮ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੀਆਂ ਫ਼ਸਲਾਂ ਅਤੇ ਜਾਨਵਰਾਂ ਦਾ ਦਸਵੰਧ*, ਆਪਣੀਆਂ ਖਾਸ ਸੁਗਾਤਾਂ ਅਤੇ ਕੋਈ ਵੀ ਸੁਗਾਤ ਜਿਸਦਾ ਤੁਸੀਂ ਯਹੋਵਾਹ ਨੂੰ ਦੇਣ ਦਾ ਇਕਰਾਰ ਕੀਤਾ ਸੀ, ਲਿਆਉ। 12 ਉਸ ਥਾਂ ਆਪਣੇ ਸਮੂਹ ਲੋਕਾਂ ਨਾਲ ਆਉਣਾ-ਆਪਣੇ ਬੱਚਿਆਂ, ਆਪਣੇ ਸਾਰੇ ਨੌਕਰਾਂ ਅਤੇ ਆਪਣੇ ਕਸਬੇ ਵਿੱਚ ਰਹਿੰਦੇ ਲੇਵੀਆਂ ਨਾਲ। (ਇਨ੍ਹਾਂ ਲੇਵੀਆਂ ਕੋਲ ਧਰਤੀ ਦਾ ਆਪਣਾ ਕੋਈ ਹਿੱਸਾ ਨਹੀਂ ਹੋਵੇਗਾ।) ਇੱਥੇ ਇਕੱਠੇ ਹੋਕੇ ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਆਨੰਦ ਮਾਨਣਾ। 13 ਧਿਆਨ ਰੱਖਿਉ ਕਿ ਤੁਸੀਂ ਕਿਸੇ ਵੀ ਨਜ਼ਰ ਆਉਂਦੇ ਸਥਾਨ ਉੱਤੇ ਆਪਣੇ ਹੋਮ ਦੀਆਂ ਭੇਟਾਂ ਨਹੀਂ ਦੇਣੀਆਂ। 14 ਯਹੋਵਾਹ ਆਪਣੇ ਖਾਸ ਸਥਾਨ ਦੀ ਚੋਣ ਤੁਹਾਡੇ ਪਰਿਵਾਰ-ਸਮੂਹਾਂ ਵਿੱਚਕਾਰ ਕਰੇਗਾ। ਆਪਣੀਆਂ ਹੋਮ ਦੀਆਂ ਭੇਟਾਂ ਉੱਥੇ ਦੇਣੀਆਂ ਅਤੇ ਦੂਸਰੀਆਂ ਸਾਰੀਆਂ ਗੱਲਾਂ ਵੀ ਉਸੇ ਸਥਾਨ ਉੱਤੇ ਕਰਨੀਆਂ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ ਹੈ।
15 “ਜਿੱਥੇ ਕਿਤੇ ਵੀ ਤੁਸੀਂ ਰਹੋ, ਤੁਸੀਂ ਆਪਣੇ ਜਾਨਵਰਾਂ ਵਿੱਚੋਂ ਕਿਸੇ ਨੂੰ ਵੀ ਮਾਰਕੇ ਖਾ ਸੱਕਦੇ ਹੋ, ਜਿਵੇਂ ਕਿ ਇਹ ਹਿਰਨ ਜਾਂ ਗਜ਼ੇਲ ਹੋਵੇ। ਤੁਸੀਂ ਜਿੰਨਾ ਚਾਹੋ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਦਿੱਤੀ ਹੋਈ ਅਸੀਸ ਅਨੁਸਾਰ ਉਹ ਮਾਸ ਖਾ ਸੱਕਦੇ ਹੋ, ਸਾਰੇ ਲੋਕ ਜਿਹੜੇ ਪਵਿੱਤਰ ਹਨ ਅਤੇ ਜਿਹੜੀ ਪਲੀਤ ਹਨ ਉਸ ਮਾਸ ਨੂੰ ਖਾ ਸੱਕਦੇ ਹਨ। 16 ਪਰ ਤੁਹਾਨੂੰ ਖੂਨ ਨਹੀਂ ਖਾਣਾ ਚਾਹੀਦਾ। ਤੁਹਾਨੂੰ ਖੂਨ ਨੂੰ ਪਾਣੀ ਵਾਂਗ ਧਰਤੀ ਉੱਤੇ ਰੋਢ਼ ਦੇਣਾ ਚਾਹੀਦਾ ਹੈ।
17 “ਕੁਝ ਹੋਰ ਵੀ ਚੀਜ਼ਾਂ ਹਨ ਜਿਹੜੀਆਂ ਤੁਹਾਨੂੰ ਉਨ੍ਹਾਂ ਥਾਵਾਂ ਉੱਤੇ ਨਹੀਂ ਖਾਣੀਆਂ ਚਾਹੀਦੀਆਂ। ਇਹ ਚੀਜ਼ਾਂ ਹਨ: ਤੁਹਾਡੀ ਫ਼ਸਲ ਦਾ ਹਿੱਸਾ, ਨਵੀਂ ਮੈਅ ਅਤੇ ਤੇਲ, ਤੁਹਾਡੇ ਵੱਗ ਜਾਂ ਇੱਜੜ ਦਾ ਪਲੋਠਾ ਜੋ ਪਰਮੇਸ਼ੁਰ ਦਾ ਹੈ, ਜੋ ਵੀ ਤੁਸੀਂ ਪਰਮੇਸ਼ੁਰ ਨੂੰ ਦੇਣ ਦੀ ਕਸਮ ਖਾਧੀ ਹੋਵੇ ਤੁਹਾਡੀਆਂ ਪਰਮੇਸ਼ੁਰ ਨੂੰ ਮਨ ਮਰਜ਼ੀ ਦੀਆਂ ਸੁਗਾਤਾਂ ਜਾਂ ਹੋਰ ਕੋਈ ਵੀ ਪਰਮੇਸ਼ੁਰ ਨੂੰ ਖਾਸ ਸੁਗਾਤ। 18 ਤੁਹਾਨੂੰ ਉਹ ਭੇਟਾ ਸਿਰਫ਼ ਯਹੋਵਾਹ ਦੀ ਹਾਜ਼ਰੀ ਵਿੱਚ ਹੀ ਖਾਣੀਆਂ ਚਾਹੀਦੀਆਂ ਹਨ, ਯਹੋਵਾਹ, ਤੁਹਾਡੇ ਪਰਮੇਸ਼ੁਰ, ਦੁਆਰਾ ਚੁਣੇ ਹੋਏ ਸਥਾਨ ਵਿੱਚ। ਤੁਹਾਨੂੰ ਉੱਥੇ ਜਾਕੇ ਆਪਣੇ ਪੁੱਤਰਾਂ, ਧੀਆਂ, ਤੁਹਾਡੇ ਸਾਰੇ ਨੌਕਰਾਂ ਅਤੇ ਆਪਣੇ ਸ਼ਹਿਰ ਦੇ ਲੇਵੀਆਂ ਸਮੇਤ ਭੋਜਨ ਕਰਨਾ ਚਾਹੀਦਾ ਹੈ। ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਮਿਲਕੇ ਆਨੰਦ ਮਾਣੋ। ਤੁਸੀਂ ਉਨ੍ਹਾਂ ਚੀਜ਼ਾਂ ਦਾ ਆਨੰਦ ਮਾਣੋ ਜਿਨ੍ਹਾਂ ਵਾਸਤੇ ਤੁਸੀਂ ਘਾਲਣਾ ਕੀਤੀ ਹੈ। 19 ਪਰ ਧਿਆਨ ਰੱਖਣਾ ਕਿ ਤੁਸੀਂ ਇਹ ਭੋਜਨ ਹਮੇਸ਼ਾ ਲੇਵੀਆਂ ਨਾਲ ਸਾਂਝਾ ਕਰਨਾ। ਜਿੰਨਾ ਚਿਰ ਤੁਸੀਂ ਇਸ ਧਰਤੀ ਉੱਤੇ ਰਹੋ ਇਹ ਗੱਲ ਜ਼ਰੂਰ ਕਰੋ।
20-21 “ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਦੇਸ਼ ਨੂੰ ਵੱਡੇਰਾ ਕਰਨ ਦਾ ਇਕਰਾਰ ਕੀਤਾ ਸੀ। ਜਦੋਂ ਯਹੋਵਾਹ ਅਜਿਹਾ ਕਰੇਗਾ, ਹੋ ਸੱਕਦਾ ਹੈ ਕਿ ਤੁਸੀਂ ਉਸ ਦੇ ਖਾਸ ਸਥਾਨ ਤੋਂ ਬਹੁਤ ਦੂਰ ਰਹਿੰਦੇ ਹੋਵੋ। ਜੇ ਉਹ ਥਾਂ ਬਹੁਤ ਦੂਰ ਹੋਵੇ, ਅਤੇ ਤੁਹਾਨੂੰ ਮਾਸ ਦੀ ਭੁੱਖ ਹੋਵੇ ਫ਼ੇਰ ਤੁਸੀਂ ਕੋਈ ਵੀ ਮਾਸ ਖਾ ਸੱਕਦੇ ਹੋ ਜਿਹੜਾ ਤੁਹਾਡੇ ਕੋਲ ਹੋਵੇ। ਤੁਸੀਂ ਯਹੋਵਾਹ ਦੇ ਦਿੱਤੇ ਹੋਏ ਇੱਜੜ ਵਿੱਚੋਂ ਕਿਸੇ ਵੀ ਜਾਨਵਰ ਨੂੰ ਮਾਰ ਸੱਕਦੇ ਹੋ। ਅਜਿਹਾ ਉਸੇ ਤਰ੍ਹਾਂ ਕਰਨਾ ਜਿਵੇਂ ਮੈਂ ਤੁਹਾਨੂੰ ਆਦੇਸ਼ ਦਿੱਤਾ ਹੈ। ਜਿੱਥੇ ਤੁਸੀਂ ਰਹਿੰਦੇ ਹੋ ਤੁਸੀਂ ਉੱਥੇ ਜਿਸ ਵੇਲੇ ਚਾਹੋਂ ਇਹ ਮਾਸ ਖਾ ਸੱਕਦੇ ਹੋ। 22 ਇਸ ਮਾਸ ਨੂੰ ਤੁਸੀਂ ਉਸੇ ਤਰ੍ਹਾਂ ਖਾ ਸੱਕਦੇ ਹੋ ਜਿਵੇਂ ਤੁਸੀਂ ਹਿਰਨ ਜਾਂ ਗਜ਼ੇਲ ਦੇ ਮਾਸ ਨੂੰ ਖਾਂਦੇ ਹੋ। ਸਾਰੇ ਲੋਕ ਜਿਹੜੇ ਪਾਕ ਜਾਂ ਨਾਪਾਕ ਹਨ ਇਸ ਮਾਸ ਨੂੰ ਖਾ ਸੱਕਦੇ ਹਨ। 23 ਪਰ ਧਿਆਨ ਰੱਖਣਾ ਕਿ ਖੂਨ ਨਹੀਂ ਖਾਣਾ। ਕਿਉਂ? ਕਿਉਂਕਿ ਜੀਵਨ ਖੂਨ ਵਿੱਚ ਹੁੰਦਾ ਹੈ। ਅਤੇ ਤੁਹਾਨੂੰ ਓਨਾ ਚਿਰ ਮਾਸ ਨੂੰ ਨਹੀਂ ਖਾਣਾ ਚਾਹੀਦਾ ਜਿੰਨਾ ਚਿਰ ਇਸ ਵਿੱਚ ਜੀਵਨ ਹੈ। 24 ਖੂਨ ਨਾ ਖਾਉ। ਤੁਹਾਨੂੰ ਚਾਹੀਦਾ ਹੈ ਕਿ ਖੂਨ ਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਉ। 25 ਇਸ ਲਈ, ਖੂਨ ਨਾ ਖਾਣਾ। ਤੁਹਾਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜਿਸ ਨੂੰ ਯਹੋਵਾਹ ਠੀਕ ਆਖਦਾ ਹੈ। ਫ਼ੇਰ ਤੁਹਾਡੇ ਨਾਲ ਅਤੇ ਤੁਹਾਡੇ ਉੱਤਰਾਧਿਕਾਰੀਆਂ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।
26 “ਜੇ ਤੁਸੀਂ ਪਰਮੇਸ਼ੁਰ ਨੂੰ ਕੋਈ ਖਾਸ ਚੀਜ਼ ਅਰਪਨ ਕਰਨ ਦਾ ਨਿਆਂ ਕਰੋ, ਤਾਂ ਤੁਹਾਨੂੰ ਉਸ ਖਾਸ ਸਥਾਨ ਉੱਤੇ ਜਾਣਾ ਚਾਹੀਦਾ ਹੈ ਜਿਸਦੀ ਚੋਣ, ਯਹੋਵਾਹ, ਤੁਹਾਡਾ ਪਰਮੇਸ਼ੁਰ ਕਰੇਗਾ। ਅਤੇ ਜੇ ਤੁਸੀਂ ਖਾਸ ਸੁਖਣਾ ਸੁਖੇਂ, ਤਾਂ ਤੁਹਾਨੂੰ ਉਸ ਖਾਸ ਸਥਾਨ ਉੱਤੇ ਜਾਕੇ ਪਰਮੇਸ਼ੁਰ ਨੂੰ ਉਹ ਸੁਗਾਤ ਅਰਪਨ ਕਰਨੀ ਚਾਹੀਦੀ ਹੈ। 27 ਤੁਹਾਨੂੰ ਆਪਣੀਆਂ ਹੋਮ ਦੀਆਂ ਭੇਟਾ ਉਸੇ ਸਥਾਨ ਉੱਤੇ ਅਰਪਨ ਕਰਨੀਆਂ ਚਾਹੀਦੀਆਂ ਹਨ। ਮਾਸ ਅਤੇ ਖੂਨ ਦੀਆਂ ਆਪਣੀਆਂ ਹੋਮ ਦੀਆਂ ਭੇਟਾ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਜਗਵੇਦੀ ਉੱਤੇ ਜਾਕੇ ਚੜ੍ਹਾਉ। ਆਪਣੀਆਂ ਹੋਰਨਾਂ ਬਲੀਆਂ ਲਈ, ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਖੂਨ ਜ਼ਰੂਰ ਛਿੜਕਨਾ ਚਾਹੀਦਾ ਹੈ। ਫ਼ੇਰ ਤੁਸੀਂ ਮਾਸ ਖਾ ਸੱਕਦੇ ਹੋ। 28 ਜਿਹੜੇ ਵੀ ਆਦੇਸ਼ ਮੈਂ ਤੁਹਾਨੂੰ ਦਿੰਦਾ ਹਾਂ ਉਨ੍ਹਾਂ ਸਾਰਿਆਂ ਦੀ ਪਾਲਣਾ ਦਾ ਧਿਆਨ ਰੱਖਣਾ। ਜਦੋਂ ਤੁਸੀਂ ਨੇਕ ਅਤੇ ਸਹੀ ਗੱਲਾਂ ਕਰੋਂਗੇ-ਉਹ ਗੱਲਾਂ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ-ਤਾਂ ਤੁਹਾਡਾ ਅਤੇ ਤੁਹਾਡੇ ਉੱਤਰਾਧਿਕਾਰੀਆਂ ਦਾ ਹਮੇਸ਼ਾ ਭਲਾ ਹੋਵੇਗਾ।
29 “ਤੁਸੀਂ ਹੋਰਨਾਂ ਲੋਕਾਂ ਕੋਲੋਂ ਧਰਤੀ ਲੈਣ ਲਈ ਜਾ ਰਹੇ ਹੋ। ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਤੁਹਾਡੇ ਵਾਸਤੇ ਤਬਾਹ ਕਰ ਦੇਵੇਗਾ। ਤੁਸੀਂ ਉਨ੍ਹਾਂ ਲੋਕਾਂ ਨੂੰ ਉਸ ਧਰਤੀ ਵਿੱਚੋਂ ਬਾਹਰ ਧੱਕ ਦਿਉਂਗੇ ਅਤੇ ਤੁਸੀਂ ਉੱਥੇ ਰਹੋਂਗੇ। 30 ਜਦੋਂ ਅਜਿਹਾ ਵਾਪਰੇ, ਧਿਆਨ ਰੱਖਣਾ! ਤੁਸੀਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ। ਇਸ ਲਈ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਦੇ ਸ਼ਿਕਂਜੇ ਵਿੱਚ ਨਾ ਫ਼ਸਣਾ। ਧਿਆਨ ਰੱਖਣਾ! ਉਨ੍ਹਾਂ ਦੇਵਤਿਆਂ ਕੋਲ ਸਹਾਇਤਾ ਲਈ ਨਾ ਜਾਣਾ। ਤੁਹਾਨੂੰ ਇਹ ਨਹੀਂ ਆਖਣਾ ਚਾਹੀਦਾ, ‘ਉਹ ਲੋਕ ਇਨ੍ਹਾਂ ਦੇਵਤਿਆਂ ਦੀ ਉਪਾਸਨਾ ਕਰਦੇ ਹਨ, ਇਸ ਲਈ ਮੈਂ ਵੀ ਉਵੇਂ ਹੀ ਕਰਾਂਗਾ।’ 31 ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਅਜਿਹਾ ਨਹੀਂ ਕਰਨਾ। ਪਰਮੇਸ਼ੁਰ ਦੀ ਓਸੇ ਢੰਗ ਨਾਲ ਉਪਾਸਨਾ ਨਹੀਂ ਕਰਨੀ! ਕਿਉਂਕਿ ਉਹ ਲੋਕ ਬਹੁਤ ਸਾਰੀਆਂ ਅਜਿਹੀਆਂ ਮੰਦੀਆਂ ਗੱਲਾਂ ਕਰਦੇ ਹਨ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ। ਉਹ ਤਾਂ ਆਪਣੇ ਬੱਚਿਆਂ ਨੂੰ ਵੀ ਸਾੜਕੇ ਆਪਣੇ ਦੇਵਤਿਆਂ ਨੂੰ ਬਲੀ ਚੜ੍ਹਾ ਦਿੰਦੇ ਹਨ।
32 “ਤੁਹਾਨੂੰ ਹਰ ਉਹ ਗੱਲ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸਦਾ ਮੈਂ ਤੁਹਾਨੂੰ ਆਦੇਸ਼ ਦਿੰਦਾ ਹਾਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਹਾਂ ਉਨ੍ਹਾਂ ਵਿੱਚ ਕੋਈ ਵਾਧਾ ਜਾਂ ਘਾਟਾ ਨਹੀਂ ਕਰਨਾ।
* 12:11 ਅਤੇ ਜਾਨਵਰਾਂ … ਦਸਵੰਧ ਜਾਂ, “ਦਸਵੰਧ” ਬਿਵਸਥਾ ਸਾਰ 14:22-29