ਦਾਨੀਏਲ ਦਾ ਭੇਡ ਅਤੇ ਬੱਕਰੀ ਦਾ ਦਰਸ਼ਨ
8
ਬੇਲਸ਼ੱਸਰ ਦੇ ਰਾਜ ਦੇ ਤੀਜੇ ਵਰ੍ਹੇ ਦੌਰਾਨ, ਮੈਂ ਇਹ ਦਰਸ਼ਨ ਦੇਖਿਆ। ਇਹ ਉਸ ਸੁਪਨੇ ਤੋਂ ਮਗਰੋਂ ਸੀ ਜੋ ਮੈਨੂੰ ਸ਼ੁਰੂਆਤ ਵਿੱਚ ਪ੍ਰਗਟਿਆ ਸੀ। ਸੁਪਨੇੇ ਵਿੱਚ, ਮੈਂ ਦੇਖਿਆ ਕਿ ਮੈਂ ਸ਼ੂਸ਼ਨ ਸ਼ਹਿਰ ਅੰਦਰ ਸਾਂ। ਸ਼ੂਸ਼ਨ ਰਾਜਧਾਨੀ ਏਲਾਮ ਦੇ ਸੂਬੇ ਵਿੱਚ ਸੀ। ਮੈਂ ਊਲਾਈ ਨਦੀ ਦੇ ਕੰਢੇ ਖਲੋਤਾ ਸਾਂ। ਮੈਂ ਉੱਪਰ ਦੇਖਿਆ, ਅਤੇ ਮੈਂ ਊਲਾਈ ਨਦੀ ਦੇ ਕੰਢੇ ਖਲੋਤੇ ਹੋਏ ਇੱਕ ਮੇਢੇ ਨੂੰ ਦੇਖਿਆ। ਮੇਢੇ ਦੇ ਦੋ ਲੰਮੇ ਸਿੰਗ ਸਨ। ਦੋਵੇਂ ਸਿੰਗ ਲੰਮੇ ਸਨ ਪਰ ਇੱਕ ਸਿੰਗ ਦੂਸਰੇ ਨਾਲੋਂ ਲਂਮੇਰਾ ਸੀ। ਲੰਮਾ ਸਿੰਗ ਪਹਿਲੇ ਸਿੰਗ ਤੋਂ ਮਗਰੋਂ ਆਇਆ। ਮੈਂ ਦੇਖਿਆ ਕਿ ਮੇਢਾ ਸਿੰਗ ਨਾਲ ਚੀਜ਼ਾਂ ਨਾਲ ਟਕਰਾ ਰਿਹਾ ਸੀ। ਮੈਂ ਮੇਢੇ ਨੂੰ ਪੱਛਮ ਵੱਲ ਭਜਦਿਆਂ ਦੇਖਿਆ ਅਤੇ ਉੱਤਰ ਵੱਲ ਅਤੇ ਦੱਖਣ ਵੱਲ ਨੂੰ ਵੀ। ਕੋਈ ਵੀ ਜਾਨਵਰ ਮੇਢੇ ਨੂੰ ਰੋਕ ਨਹੀਂ ਸੀ ਸੱਕਦਾ। ਅਤੇ ਕੋਈ ਵੀ ਹੋਰਨਾਂ ਜਾਨਵਰਾਂ ਨੂੰ ਬਚਾ ਨਹੀਂ ਸੀ ਸੱਕਦਾ। ਉਹ ਮੇਢਾ ਜੋ ਵੀ ਚਾਹੁੰਦਾ ਸੀ ਕਰ ਸੱਕਦਾ ਸੀ। ਇਸ ਲਈ ਮੇਢਾ ਬਹੁਤ ਤਾਕਤਵਰ ਹੋ ਗਿਆ।
ਮੈਂ ਮੇਢੇ ਬਾਰੇ ਸੋਚਿਆ। ਜਦੋਂ ਮੈਂ ਸੋਚ ਰਿਹਾ ਸਾਂ, ਤਾਂ ਮੈਂ ਪੱਛਮ ਵੱਲੋਂ ਆਉਂਦੇ ਇੱਕ ਬੱਕਰੇ ਨੂੰ ਦੇਖਿਆ। ਇਸ ਬੱਕਰੇ ਦੇ ਇੱਕ ਲੰਮਾ ਸਿੰਗ ਸੀ ਜਿਹੜਾ ਆਸਾਨੀ ਨਾਲ ਦੇਖਿਆ ਜਾ ਸੱਕਦਾ ਸੀ। ਇਹ ਬੱਕਰਾ ਇੰਨੀ ਤੇਜ਼ੀ ਨਾਲ ਦੌੜਦਾ ਸੀ ਕਿ ਉਸ ਦੇ ਪੈਰ ਮੁਸ਼ਕਿਲ ਨਾਲ ਧਰਤੀ ਨੂੰ ਛੂਹਂਦੇ ਸਨ।
ਬੱਕਰਾ ਦੋ ਸਿੰਗਾਂ ਵਾਲੇ ਮੇਢੇ ਕੋਲ ਆਇਆ। ਇਹ ਓਹੀ ਮੇਢਾ ਸੀ ਜਿਸ ਨੂੰ ਮੈਂ ਊਲਾਈ ਨਦੀ ਕੰਢੇ ਖਲੋਤਾ ਦੇਖਿਆ ਸੀ। ਬੱਕਰਾ ਬਹੁਤ ਕਰੋਧ ਵਿੱਚ ਸੀ ਅਤੇ ਇਹ ਮੇਢੇ ਵੱਲ ਦੌੜਿਆ। ਮੈਂ ਬੱਕਰੇ ਨੂੰ ਮੇਢੇ ਵੱਲ ਭਜਦਿਆਂ ਦੇਖਿਆ। ਬੱਕਰਾ ਬਹੁਤ ਗੁੱਸੇ ਵਿੱਚ ਸੀ। ਇਸਨੇ ਮੇਢੇ ਦੇ ਦੋਵੇਂ ਸਿੰਗ ਤੋੜ ਦਿੱਤੇ। ਮੇਢਾ ਬੱਕਰੇ ਨੂੰ ਰੋਕ ਨਹੀਂ ਸੀ ਸੱਕਿਆ। ਬੱਕਰੇ ਨੇ ਮੇਢੇ ਨੂੰ ਧਰਤੀ ਉੱਤੇ ਡੇਗ ਦਿੱਤਾ।ਫੇਰ ਬੱਕਰੇ ਨੇ ਮੇਢੇ ਨੂੰ ਕੁਚਲ ਦਿੱਤਾ। ਮੇਢੇ ਨੂੰ ਬੱਕਰੇ ਤੋਂ ਬਚਾਉਣ ਵਾਲਾ ਕੋਈ ਨਹੀਂ ਸੀ।
ਇਸ ਲਈ ਬੱਕਰਾ ਬਹੁਤ ਤਾਕਤਵਰ ਹੋ ਗਿਆ। ਪਰ ਜਦੋਂ ਉਹ ਤਾਕਤਵਰ ਸੀ, ਉਸਦਾ ਵੱਡਾ ਸਿੰਗ ਟੁੱਟ ਗਿਆ। ਫ਼ੇਰ ਇੱਕ ਵੱਡੇ ਸਿੰਗ ਦੀ ਬਾਵੇਂ ਚਾਰ ਸਿੰਗ ਉੱਗ ਆਏ। ਉਹ ਚਾਰ ਸਿੰਗ ਆਸਾਨੀ ਨਾਲ ਦੇਖੇ ਜਾ ਸੱਕਦੇ ਸਨ। ਉਹ ਚਾਰ ਸਿੰਗ ਚਹੁਂਆਂ ਦਿਸ਼ਾਵਾਂ ਵੱਲ ਝੁਕੇ ਹੋਏ ਸਨ।
ਫ਼ੇਰ ਉਨ੍ਹਾਂ ਚਹੁਂਆਂ ਸਿੰਗਾਂ ਵਿੱਚਲੇ ਇੱਕ ਸਿੰਗ ਵਿੱਚੋਂ ਇੱਕ ਛੋਟਾ ਸਿੰਗ ਉੱਗ ਆਇਆ। ਉਹ ਛੋਟਾ ਸਿੰਗ ਵੱਧਕੇ ਬਹੁਤ ਵੱਡਾ ਹੋ ਗਿਆ। ਇਹ ਦੱਖਣ ਪੂਰਬ ਵੱਲ ਉੱਗ ਪਿਆ। ਇਹ ਖੂਬਸੂਰਤ ਧਰਤੀ ਵੱਲ ਉੱਗ ਪਿਆ। 10 ਉਹ ਛੋਟਾ ਸਿੰਗ ਬਹੁਤ ਵੱਡਾ ਹੋ ਗਿਆ। ਇਹ ਓਨਾ ਚਿਰ ਵੱਧਦਾ ਰਿਹਾ ਜਦੋਂ ਤੀਕ ਕਿ ਉਹ ਅਕਾਸ਼ ਤੱਕ ਨਹੀਂ ਪਹੁੰਚ ਗਿਆ। ਛੋਟੇ ਸਿੰਗ ਨੇ ਕੁਝ ਇੱਕ ਤਾਰਿਆਂ ਨੂੰ ਵੀ ਧਰਤੀ ਉੱਤੇ ਡੇਗ ਦਿੱਤਾ। ਅਤੇ ਇਸਨੇ ਇਨ੍ਹਾਂ ਸਾਰਿਆਂ ਤਾਰਿਆਂ ਨੂੰ ਕੁਚਲ ਦਿੱਤਾ। 11 ਇਹ ਛੋਟਾ ਸਿੰਗ ਬਹੁਤ ਤਾਕਤਵਰ ਹੋ ਗਿਆ ਅਤੇ ਫ਼ੇਰ ਇਹ ਸਤਾਰਿਆਂ ਦੇ ਹਾਕਮ (ਪਰਮੇਸ਼ੁਰ) ਦੇ ਵਿਰੁੱਧ ਹੋ ਗਿਆ। ਉਸ ਛੋਟੇ ਸਿੰਗ ਨੇ ਹਾਕਮ (ਪਰਮੇਸ਼ੁਰ) ਨੂੰ ਚੜ੍ਹਾਈਆਂ ਜਾਣ ਵਾਲੀਆਂ ਰੋਜ਼ਾਨਾ ਬਲੀਆਂ ਨੂੰ ਰੋਕ ਦਿੱਤਾ। ਜਿਸ ਥਾਂ ਲੋਕ ਪਰਮੇਸ਼ੁਰ ਦੀ ਉਪਾਸਨਾ ਕਰਦੇ ਸਨ, ਉਸ ਨੇ ਇਸ ਨੂੰ ਢਾਹ ਦਿੱਤਾ। 12 ਰੋਜ਼ਾਨਾ ਚੜ੍ਹਾਵਿਆਂ ਤੋਂ ਇਲਾਵਾ ਉਸ ਨੂੰ ਮੇਜ਼ਬਾਨ ਦਿੱਤਾ ਗਿਆ ਸੀ। ਅਤੇ ਛੋਟੇ ਸਿੰਗ ਨੇ ਪਾਪ ਕੀਤੇ ਅਤੇ ਰੋਜ਼ਾਨਾ ਬਲੀਆਂ ਨੂੰ ਰੋਕ ਦਿੱਤਾ। ਉਸ ਨੇ ਨੇਕੀ ਨੂੰ ਧਰਤੀ ਉੱਤੇ ਡੇਗ ਦਿੱਤਾ। ਛੋਟੇ ਸਿੰਗ ਨੇ ਇਹ ਗੱਲਾਂ ਕੀਤੀਆਂ ਅਤੇ ਇਹ ਬਹੁਤ ਕਾਮਯਾਬ ਸੀ।
13 ਫ਼ੇਰ ਮੈਂ ਪਵਿੱਤਰ ਹਸਤੀਆਂ ਵਿੱਚੋਂ ਇੱਕ ਨੂੰ ਬੋਲਦਿਆਂ ਸੁਣਿਆ। ਫ਼ੇਰ ਮੈਂ ਦੂਸਰੀ ਪਵਿੱਤਰ ਹਸਤੀ ਨੂੰ ਪਹਿਲੀ ਨੂੰ ਜਵਾਬ ਦਿੰਦਿਆਂ ਸੁਣਿਆ। ਪਹਿਲੀ ਪਵਿੱਤਰ ਹਸਤੀ ਨੇ ਆਖਿਆ, “ਇਹ ਦਰਸ਼ਨ ਇਹ ਦਰਸਾਉਂਦਾ ਹੈ ਕਿ ਰੋਜ਼ਾਨਾ ਦੀ ਬਲੀ ਨਾਲ ਕੀ ਵਾਪਰੇਗਾ। ਇਹ ਉਸ ਭਿਆਨਕ ਪਾਪ ਬਾਰੇ ਹੈ ਜੋ ਤਬਾਹ ਕਰਦਾ ਹੈ। ਇਹ ਦਰਸਾਉਂਦਾ ਹੈ ਕਿ ਜਦੋਂ ਲੋਕ ਉਸ ਥਾਂ ਨੂੰ ਤਬਾਹ ਕਰ ਦੇਣਗੇ ਜਿੱਥੇ ਹਾਕਮ ਦੀ ਉਪਾਸਨਾ ਹੁੰਦੀ ਹੈ, ਤਾਂ ਕੀ ਵਾਪਰੇਗਾ। ਇਹ ਦਰਸਾਉਂਦਾ ਹੈ ਕਿ ਜਦੋਂ ਉਹ ਲੋਕ ਉਸ ਥਾਂ ਨੂੰ ਕੁਚਲ ਦੇਣਗੇ ਤਾਂ ਕੀ ਵਾਪਰੇਗਾ। ਇਹ ਦਰਸਾਉਂਦਾ ਹੈ ਕਿ ਉਦੋਂ ਕੀ ਵਾਪਰੇਗਾ ਜਦੋਂ ਲੋਕ ਤਾਰਿਆਂ ਨੂੰ ਕੁਚਲ ਦੇਣਗੇ। ਪਰ ਕਿੰਨਾ ਕੁ ਚਿਰ ਇਹ ਗੱਲਾਂ ਵਾਪਰਨਗੀਆਂ?”
14 ਦੂਸਰੇ ਪਵਿੱਤਰ ਪੁਰੱਖ ਨੇ ਆਖਿਆ, “ਇਹ 2,300 ਦਿਨਾਂ ਅਤੇ ਸਵੇਰਿਆਂ ਲਈ ਵਾਪਰੇਗਾ। ਫ਼ੇਰ ਪਵਿੱਤਰ ਸਬਾਨ ਦਾ ਪੁਨਰ-ਨਿਰਮਾਣ ਕੀਤਾ ਜਾਵੇਗਾ।”
ਦਾਨੀਏਲ ਨੂੰ ਦਰਸ਼ਨ ਦਾ ਵਰਣਨ
15 ਮੈਂ, ਦਾਨੀਏਲ ਨੇ, ਇਹ ਦਰਸ਼ਨ ਦੇਖਿਆ। ਅਤੇ ਮੈਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਇਸਦਾ ਕੀ ਅਰਬ ਹੈ। ਜਦੋਂ ਮੈਂ ਦਰਸ਼ਨ ਬਾਰੇ ਸੋਚ ਰਿਹਾ ਸੀ ਤਾਂ ਆਦਮੀ ਵਾਂਗ ਨਜ਼ਰ ਆਉਂਦੀ ਕੋਈ ਚੀਜ਼ ਅਚਾਨਕ ਮੇਰੇ ਸਾਹਮਣੇ ਆ ਖਲੋਤੀ। 16 ਫ਼ੇਰ ਮੈਂ ਇੱਕ ਆਦਮੀ ਦੀ ਆਵਾਜ਼ ਸੁਣੀ। ਇਹ ਆਵਾਜ਼ ਊਲਾਈ ਨਦੀ ਦੇ ਉੱਤੋਂ ਆ ਰਹੀ ਸੀ। ਆਵਾਜ਼ ਨੇ ਆਖਿਆ, “ਜਬਰਾੇਲ ਇਸ ਆਦਮੀ ਨੂੰ ਦਰਸ਼ਨ ਦਾ ਅਰਬ ਸਮਝਾ।”
17 ਇਸ ਲਈ ਜਬਰਾੇਲ, ਉਹ ਦੂਤ ਜਿਹੜਾ ਆਦਮੀ ਵਰਗਾ ਜਾਪਦਾ ਸੀ, ਮੇਰੇ ਕੋਲ ਆਇਆ। ਮੈਂ ਬਹੁਤ ਭੈਭੀਤ ਸਾਂ। ਮੈਂ ਧਰਤੀ ਉੱਤੇ ਡਿੱਗ ਪਿਆ। ਪਰ ਜਬਰਾੇਲ ਨੇ ਮੈਨੂੰ ਆਖਿਆ, “ਮਨੁੱਖ, ਇਹ ਸਮਝ ਲੈ ਕਿ ਇਹ ਦਰਸ਼ਨ ਅੰਤ ਕਾਲ ਬਾਰੇ ਹੈ।”
18 ਜਦੋਂ ਜਬਰਾੇਲ ਬੋਲ ਰਿਹਾ ਸੀ, ਮੈਂ ਧਰਤੀ ਉੱਤੇ ਡਿੱਗ ਪਿਆ ਅਤੇ ਸੌਂ ਗਿਆ। ਇਹ ਬਹੁਤ ਡੂੰਘੀ ਨੀਂਦ ਸੀ। ਫ਼ੇਰ ਜਬਰਾੇਲ ਨੇ ਮੈਨੂੰ ਛੋਹਿਆ ਅਤੇ ਚੁੱਕ ਕੇ ਆਪਣੇ ਪੈਰਾਂ ਉੱਤੇ ਖੜਾ ਕਰ ਦਿੱਤਾ। 19 ਜਬਰਾੇਲ ਨੇ ਆਖਿਆ, “ਹੁਣ ਮੈਂ ਤੈਨੂੰ ਦਰਸ਼ਨ ਬਾਰੇ ਸਮਝਾਵਾਂਗਾ। ਮੈਂ ਤੈਨੂੰ ਦੱਸਾਂਗਾ ਕਿ ਕਰੋਧ ਦੇ ਅੰਤ ਦੇ ਸਮੇਂ ਵਿੱਚ ਕੀ ਵਾਪਰੇਗਾ। ਤੇਰਾ ਦਰਸ਼ਨ ਅੰਤਕਾਲ ਬਾਰੇ ਸੀ।
20 “ਤੂੰ ਦੋ ਸਿੰਗਾਂ ਵਾਲਾ ਇੱਕ ਮੇਢਾ ਦੇਖਿਆ ਸੀ। ਉਹ ਸਿੰਗ ਮਾਦੀਆ ਅਤੇ ਫ਼ਾਰਸ ਦੇ ਦੇਸ ਹਨ। 21 ਬੱਕਰਾ ਯੂਨਾਨ ਦਾ ਰਾਜਾ ਹੈ। ਉਸਦੀ ਅੱਖਾਂ ਦੇ ਵਿੱਚਾਲੇ ਦਾ ਵੱਡਾ ਸਿੰਗ ਪਹਿਲਾ ਰਾਜਾ ਹੈ। 22 ਉਹ ਸਿੰਗ ਟੁੱਟ ਗਿਆ। ਅਤੇ ਉਸਦੀ ਬਾਵੇਂ ਚਾਰ ਸਿੰਗ ਉੱਗ ਆਏ। ਉਹ ਚਾਰ ਸਿੰਗ ਚਾਰ ਪਾਤਸ਼ਾਹੀਆਂ ਹਨ। ਉਹ ਚਾਰ ਪਾਤਸ਼ਾਹੀਆਂ ਪਹਿਲੇ ਰਾਜੇ ਦੀ ਕੌਮ ਵਿੱਚੋਂ ਆਉਣਗੀਆਂ। ਪਰ ਉਹ ਚਾਰ ਕੌਮਾਂ ਪਹਿਲੇ ਰਾਜੇ ਜਿੰਨੀਆਂ ਤਾਕਤਵਰ ਨਹੀਂ ਹੋਣਗੀਆਂ।
23 “ਜਦੋਂ ਉਨ੍ਹਾਂ ਪਾਤਸ਼ਾਹੀਆਂ ਦਾ ਅੰਤ ਨੇੜੇ ਆਵੇਗਾ ਓਥੇ ਇੱਕ ਬਹੁਤ ਬਹਾਦੁਰ ਅਤੇ ਜ਼ਾਲਮ ਰਾਜਾ ਆਵੇਗਾ। ਇਹ ਰਾਜਾ ਬਹੁਤ ਚਲਾਕ ਹੋਵੇਗਾ। ਇਹ ਉਦੋਂ ਵਾਪਰੇਗਾ ਜਦੋਂ ਓਥੇ ਬਹੁਤ ਪਾਪੀ ਲੋਕ ਹੋ ਜਾਣਗੇ। 24 ਇਹ ਰਾਜਾ ਬਹੁਤ ਤਾਕਤਵਰ ਹੋਵੇਗਾ-ਪਰ ਪਹਿਲੇ ਰਾਜੇ ਜਿੰਨਾ ਮਜਬੂਤ ਨਹੀਂ ਹੋਵੇਗਾ। ਇਹ ਰਾਜਾ ਭਿਆਨਕ ਤਬਾਹੀ ਲਿਆਵੇਗਾ। ਉਹ ਆਪਣੇ ਹਰ ਕੰਮ ਵਿੱਚ ਸਫ਼ਲ ਹੋਵੇਗਾ। ਉਹ ਤਾਕਤਵਰ ਲੋਕਾਂ ਨੂੰ ਤਬਾਹ ਕਰ ਦੇਵੇਗਾ-ਪਰਮੇਸ਼ੁਰ ਦੇ ਖਾਸ ਬੰਦਿਆਂ ਨੂੰ ਵੀ।
25 “ਇਹ ਰਾਜਾ ਬਹੁਤ ਚਤੁਰ ਅਤੇ ਚਾਲਾਕ ਹੋਵੇਗਾ। ਉਹ ਸਫ਼ਲ ਹੋਣ ਲਈ ਆਪਣੀ ਸਿਆਣਪ ਅਤੇ ਝੂਠ ਦੀ ਵਰਤੋਂ ਕਰੇਗਾ। ਉਹ ਆਪਣੇ-ਆਪ ਨੂੰ ਬਹੁਤ ਮਹੱਤਵਪੂਰਣ ਸਮਝੇਗਾ। ਉਹ ਬਹੁਤ ਸਾਰੇ ਲੋਕਾਂ ਨੂੰ ਤਬਾਹ ਕਰੇਗਾ, ਉਦੋਂ ਜਦੋਂ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਗੁਮਾਨ ਵੀ ਨਹੀਂ ਹੋਵੇਗਾ। ਉਹ ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ (ਪਰਮੇਸ਼ੁਰ) ਨਾਲ ਵੀ ਲੜਨ ਦੀ ਕੋਸ਼ਿਸ਼ ਕਰੇਗਾ। ਪਰ ਉਸ ਜ਼ਾਲਿਮ ਰਾਜੇ ਦੀ ਸ਼ਕਤੀ ਨਸ਼ਟ ਹੋ ਜਾਵੇਗੀ। ਅਤੇ ਉਸ ਨੂੰ ਤਬਾਹ ਕਰਨ ਵਾਲਾ ਹੱਥ ਕਿਸੇ ਆਦਮੀ ਦਾ ਨਹੀਂ ਹੋਵੇਗਾ।
26 “ਸ਼ਾਮਾਂ ਅਤੇ ਸਵੇਰਿਆਂ ਬਾਰੇ ਸੁਪਨਾ ਅਤੇ ਉਹ ਗੱਲਾਂ ਜੋ ਮੈਂ ਤੈਨੂੰ ਦੱਸੀਆਂ ਹਨ, ਸੱਚੀਆਂ ਹਨ। ਪਰ ਦਰਸ਼ਨ ਉੱਤੇ ਮੋਹਰ ਲਾ ਦੇ। ਉਹ ਗੱਲਾਂ ਲੰਮੇ ਸਮੇਂ ਤਕ ਨਹੀਂ ਵਾਪਰਨਗੀਆਂ।”
27 ਮੈਂ, ਦਾਨੀਏਲ, ਬਹੁਤ ਕਮਜ਼ੋਰ ਹੋ ਗਿਆ। ਉਸ ਦਰਸ਼ਨ ਤੋਂ ਬਾਦ ਕਈ ਦਿਨ ਮੈਂ ਬਿਮਾਰ ਰਿਹਾ। ਫ਼ੇਰ ਮੈਂ ਉੱਠ ਖਲੋਇਆ ਅਤੇ ਰਾਜੇ ਦੇ ਕੰਮ ਉੱਤੇ ਵਾਪਸ ਆ ਗਿਆ। ਪਰ ਮੈਂ ਸੁਪਨੇ ਬਾਰੇ ਹੈਰਾਨ ਸਾਂ। ਮੈਨੂੰ ਸਮਝ ਨਹੀਂ ਪੈਂਦੀ ਸੀ ਕਿ ਇਸ ਦਰਸ਼ਨ ਦਾ ਕੀ ਅਰਬ ਹੈ।