ਦਾਨੀਏਲ
ਦਾਨੀਏਲ ਦਾ ਬਾਬਲ ਲਿਜਾਇਆ ਜਾਣਾ
1
ਨਬੂਕਦਨੱਸਰ ਬਾਬਲ ਦਾ ਰਾਜਾ ਸੀ। ਨਬੂਕਦਨੱਸਰ ਯਰੂਸ਼ਲਮ ਆਇਆ। ਨਬੂਕਦਨੱਸਰ ਨੇ ਆਪਣੀ ਫ਼ੌਜ ਨਾਲ ਯਰੂਸ਼ਲਮ ਨੂੰ ਘੇਰਾ ਪਾ ਲਿਆ। ਇਹ ਗੱਲ ਉਦੋਂ ਵਾਪਰੀ ਜਦੋਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦਾ ਤੀਸਰਾ ਵਰ੍ਹਾ ਸੀ। ਯਹੋਵਾਹ ਨੇ ਨਬੂਕਦਨੱਸਰ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਨਬੂਕਦਨੱਸਰ ਪਰਮੇਸ਼ੁਰ ਦੇ ਮੰਦਰ ਵਿੱਚੋਂ ਪਲੇਟਾਂ ਅਤੇ ਹੋਰ ਸਾਰੀਆਂ ਚੀਜ਼ਾਂ ਚੁੱਕ ਕੇ ਲੈ ਗਿਆ। ਉਹ ਇਨ੍ਹਾਂ ਚੀਜ਼ਾਂ ਨੂੰ ਸ਼ੀਨਾਰ ਦੀ ਧਰਤੀ ਤੇ ਲੈ ਗਿਆ। ਨਬੂਕਦਨੱਸਰ ਨੇ ਉਹ ਚੀਜ਼ਾਂ ਆਪਣੇ ਬੁੱਤਾਂ ਦੇ ਦੇਵਤਿਆਂ ਦੇ ਮੰਦਰ ਵਿੱਚ ਰੱਖ ਦਿੱਤੀਆਂ।
ਫ਼ੇਰ ਰਾਜੇ ਨਬੂਕਦਨੱਸਰ ਨੇ ਅਸ਼ਪਨਜ਼ ਨੂੰ ਇੱਕ ਹੁਕਮ ਦਿੱਤਾ। (ਅਸ਼ਪਨਜ਼ ਰਾਜੇ ਦੀ ਸੇਵਾ ਕਰਨ ਵਾਲੇ ਸਾਰੇ ਖੁਸਰਿਆਂ ਵਿੱਚੋਂ ਪ੍ਰਮੁੱਖ ਆਗੂ ਸੀ।) ਰਾਜੇ ਨੇ ਅਸ਼ਪਨਜ਼ ਨੂੰ ਕੁਝ ਇਸਰਾਏਲੀ ਮੁੰਡਿਆਂ ਨੂੰ ਉਸ ਦੇ ਘਰ ਲਿਆਉਣ ਲਈ ਆਖਿਆ। ਨਬੂਕਦਨੱਸਰ ਆਮ ਇਸਰਾਏਲੀਆਂ, ਉੱਚ ਸ਼੍ਰੇਣੀ ਦੇ ਘਰਾਣਿਆਂ ਅਤੇ ਸ਼ਾਹੀ ਘਰਾਣੇ ਤੋਂ ਇਸਰਾਏਲੀ ਮੁੰਡੇ ਚਾਹੁੰਦਾ ਸੀ। ਰਾਜਾ ਨਬੂਕਦਨੱਸਰ ਸਿਰਫ਼ ਸਿਹਤਮੰਦ ਜਵਾਨ ਇਸਰਾਏਲੀ ਮੁੰਡੇ ਹੀ ਚਾਹੁੰਦਾ ਸੀ। ਰਾਜਾ ਚਾਹੁੰਦਾ ਸੀ ਕਿ ਇਨ੍ਹਾਂ ਜਵਾਨ ਆਦਮੀਆਂ ਦੇ ਕੋਈ ਜ਼ਖਮ ਜਾਂ ਚੋਟ ਦਾ ਨਿਸ਼ਾਨ ਨਾ ਹੋਵੇ ਅਤੇ ਨਾ ਉਨ੍ਹਾਂ ਦੇ ਸਰੀਰਾਂ ਵਿੱਚ ਕੋਈ ਦੋਸ਼ ਹੋਵੇ। ਰਾਜਾ ਸੁੰਦਰ, ਚੁਸਤ ਜਵਾਨ ਆਦਮੀ ਚਾਹੁੰਦਾ ਸੀ। ਰਾਜਾ ਉਨ੍ਹਾਂ ਜਵਾਨ ਆਦਮੀਆਂ ਨੂੰ ਚਾਹੁੰਦਾ ਸੀ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਸੀ ਅਤੇ ਜਿਹੜੇ ਵਿਗਿਆਨ ਨੂੰ ਸਮਝਦੇ ਸਨ। ਰਾਜਾ ਉਨ੍ਹਾਂ ਜਵਾਨ ਆਦਮੀਆਂ ਨੂੰ ਚਾਹੁੰਦਾ ਸੀ ਜਿਹੜੇ ਉਸ ਦੇ ਮਹਿਲ ਵਿੱਚ ਕੰਮ ਕਰ ਸੱਕਣ। ਰਾਜੇ ਨੇ ਅਸ਼ਪਨਜ਼ ਨੂੰ ਆਖਿਆ ਕਿ ਉਹ ਇਸਰਾਏਲ ਦੇ ਇਨ੍ਹਾਂ ਜਵਾਨ ਆਦਮੀਆਂ ਨੂੰ ਕਸਦੀਆਂ ਲੋਕਾਂ ਦੀ ਭਾਸ਼ਾ ਅਤੇ ਲਿਖਤਾਂ ਦੀ ਸਿੱਖਿਆ ਦ੍ਦੇਵੇ।
ਰਾਜਾ ਨਬੂਕਦਨੱਸਰ ਉਨ੍ਹਾਂ ਜਵਾਨ ਆਦਮੀਆਂ ਨੂੰ ਹਰ ਰੋਜ਼ ਨਿਸ਼ਚਿਤ ਭੋਜਨ ਅਤੇ ਮੈਅ ਦਿੰਦਾ ਹੁੰਦਾ ਸੀ। ਇਹ ਉਸੇ ਤਰ੍ਹਾਂ ਦਾ ਭੋਜਨ ਸੀ ਜਿਹੜਾ ਰਾਜਾ ਆਪ ਖਾਂਦਾ ਸੀ। ਰਾਜਾ ਇਸਰਾਏਲ ਦੇ ਉਨ੍ਹਾਂ ਜਵਾਨ ਆਦਮੀਆਂ ਨੂੰ ਤਿੰਨ ਸਾਲ ਸਿੱਖਿਆ ਦ੍ਦੇਣਾ ਚਾਹੁੰਦਾ ਸੀ। ਫ਼ੇਰ ਤਿੰਨਾਂ ਸਾਲਾਂ ਬਾਅਦ ਉਹ ਪਾਤਸ਼ਾਹ ਅੱਗੇ ਹਾਜ਼ਰ ਕੀਤੇ ਜਾਣੇ ਸਨ। ਉਨ੍ਹਾਂ ਜਵਾਨ ਆਦਮੀਆਂ ਵਿੱਚ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਆਹ ਸਨ। ਇਹ ਜਵਾਨ ਆਦਮੀ ਯਹੂਦਾਹ ਦੇ ਘਰਾਣੇ ਵਿੱਚੋਂ ਸਨ। ਫ਼ੇਰ ਅਸ਼ਪਨਜ਼ ਨੇ ਯਹੂਦਾਹ ਨੇ ਉਨ੍ਹਾਂ ਨੌਜਵਾਨਾਂ ਨੂੰ ਬਾਬਲ ਦੇ ਨਾਮ ਦੇ ਦਿੱਤੇ। ਦਾਨੀਏਲ ਦਾ ਨਵਾਂ ਨਾਮ ਸੀ ਬੇਲਟਸ਼ੱਸਰ। ਹਨਨਯਾਹ ਦਾ ਨਵਾਂ ਨਾਮ ਸੀ ਸ਼ਦਰਕ। ਮੀਸ਼ਾਏਲ ਦਾ ਨਵਾਂ ਨਾਮ ਸੀ ਮੇਸ਼ਚ। ਅਤੇ ਅਜ਼ਰਆਹ ਦਾ ਨਵਾਂ ਨਾਮ ਸੀ ਅਬੇਦਨਗੋ।
ਦਾਨੀਏਲ ਰਾਜੇ ਦਾ ਸ਼ਾਹੀ ਭੋਜਨ ਖਾਣਾ ਅਤੇ ਮੈਅ ਪੀਣੀ ਨਹੀਂ ਚਾਹੁੰਦਾ ਸੀ। ਦਾਨੀਏਲ ਉਸ ਭੋਜਨ ਅਤੇ ਮੈਅ ਨਾਲ ਆਪਣੇ-ਆਪ ਨੂੰ ਨਾਪਾਕ ਨਹੀਂ ਬਨਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਅਸ਼ਪਨਜ਼ ਕੋਲੋਂ ਅਪਣੇ-ਆਪ ਇਸਤਰ੍ਹਾਂ ਨੂੰ ਨਾਪਾਕ ਨਾ ਬਨਣ੍ਹ ਦੀ ਇਜਾਜ਼ਤ ਮਂਗੀ।
ਪਰਮੇਸ਼ੁਰ ਨੇ ਅਸ਼ਪਨਜ਼ ਦੇ ਦਿਲ ਵਿੱਚ ਦਾਨੀਏਲ ਲਈ ਮਿਹਰ ਅਤੇ ਦਇਆ ਭਰ ਦਿੱਤੀ। 10 ਪਰ ਅਸ਼ਪਨਜ਼ ਨੇ ਦਾਨੀਏਲ ਨੂੰ ਆਖਿਆ, “ਮੈਂ ਆਪਣੇ ਸੁਆਮੀ, ਪਾਤਸ਼ਾਹ ਤੋਂ ਡਰਦਾ ਹਾਂ। ਪਾਤਸ਼ਾਹ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਤੈਨੂੰ ਇਹ ਭੋਜਨ ਅਤੇ ਮੈਅ ਦੇਵਾਂ। ਜੇ ਤੂੰ ਇਹ ਭੋਜਨ ਨਹੀਂ ਕਰੇਂਗਾ ਤਾਂ ਤੂੰ ਕਮਜ਼ੋਰ ਅਤੇ ਬੀਮਾਰ ਨਜ਼ਰ ਆਉਣ ਲੱਗ ਪਵੇਂਗਾ। ਤੂੰ ਆਪਣੀ ਉਮਰ ਦੇ ਹੋਰਨਾਂ ਜਵਾਨਾਂ ਨਾਲੋਂ ਮਾੜਾ ਨਜ਼ਰ ਆਵੇਂਗਾ। ਰਾਜਾ ਇਸ ਨੂੰ ਦੇਖ ਲਵੇਗਾ, ਅਤੇ ਉਹ ਮੇਰੇ ਉੱਤੇ ਗੁੱਸੇ ਹੋਵੇਗਾ। ਹੋ ਸੱਕਦਾ ਹੈ ਕਿ ਉਹ ਮੇਰਾ ਸਿਰ ਵੀ ਕਲਮ ਕਰ ਦੇਵੇ! ਅਤੇ ਇਹ ਤੇਰਾ ਹੀ ਕਸੂਰ ਹੋਵੇਗਾ।”
11 ਫ਼ੇਰ ਦਾਨੀਏਲ ਨੇ ਉਨ੍ਹਾਂ ਦੇ ਰੱਖਵਾਲੇ ਨਾਲ ਗੱਲ ਕੀਤੀ। ਅਸ਼ਪਨਜ਼ ਨੇ ਰੱਖਵਾਲੇ ਨੂੰ ਹੁਕਮ ਦਿੱਤਾ ਸੀ ਕਿ ਉਹ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਦਾ ਧਿਆਨ ਰੱਖਣ। 12 ਦਾਨੀਏਲ ਨੇ ਰੱਖਵਾਲੇ ਨੂੰ ਆਖਿਆ, “ਕਿਰਪਾ ਕਰਕੇ ਸਾਡੀ ਦਸ ਦਿਨਾਂ ਲਈ ਇਹ ਪਰੀਖਿਆ ਲਵੋ: ਸਾਨੂੰ ਖਾਣ ਲਈ ਸਬਜ਼ੀਆਂ ਅਤੇ ਪੀਣ ਲਈ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ। 13 ਫ਼ੇਰ ਦਸਾਂ ਦਿਨਾਂ ਬਾਦ ਸਾਡੀ ਤੁਲਨਾ ਉਨ੍ਹਾਂ ਜਵਾਨਾਂ ਨਾਲ ਕਰੀਂ, ਜਿਹੜੇ ਸ਼ਾਹੀ ਭੋਜਨ ਖਾਂਦੇ ਹਨ। ਤੂੰ ਖੁਦ ਦੇਖ ਲਵੀਂ ਕਿ ਕਿਹੜਾ ਵੱਧੇਰੇ ਸਿਹਤਮੰਦ ਨਜ਼ਰ ਆਉਂਦਾ ਹੈ। ਫ਼ੇਰ ਤੂੰ ਖੁਦ ਹੀ ਨਿਆਂ ਕਰ ਨਵੀ ਕਿ ਸਾਡੇ ਨਾਲ ਕੀ ਸਲੂਕ ਕਰਨਾ ਹੈ। ਅਸੀਂ ਤਾਂ ਤੇਰੇ ਸੇਵਕ ਹਾਂ।”
14 ਇਸ ਤਰ੍ਹਾਂ ਰੱਖਵਾਲਾ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਦਾ ਦਸ ਦਿਨ ਲਈ ਇਮਤਿਹਾਨ ਲੈਣ ਲਈ ਰਾਜ਼ੀ ਹੋ ਗਿਆ। 15 ਦਸਾਂ ਦਿਨਾਂ ਮਗਰੋਂ, ਦਾਨੀਏਲ ਅਤੇ ਉਸ ਦੇ ਮਿੱਤਰ ਸ਼ਾਹੀ ਖਾਣਾ ਖਾਣ ਵਾਲੇ ਉਨ੍ਹਾਂ ਸਾਰੇ ਜਵਾਨਾਂ ਨਾਲੋਂ ਵੱਧੇਰੇ ਸਿਹਤਮੰਦ ਦਿਖਾਈ ਦਿੱਤੇ। 16 ਇਸ ਲਈ ਰੱਖਵਾਲੇ ਨੇ ਰਾਜੇ ਦੇ ਸ਼ਾਹੀ ਖਾਣੇ ਅਤੇ ਮੈਅ ਨੂੰ ਹਟਾ ਕੇ ਉਸਦੀ ਬਾਵੇਂ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਾਰੀਆਂ ਨੂੰ ਸਬਜ਼ੀਆਂ ਦੇਣੀਆਂ ਜਾਰੀ ਰੱਖੀਆਂ।
17 ਪਰਮੇਸ਼ੁਰ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਨੂੰ ਬਹੁਤ ਤਰ੍ਹਾਂ ਦੀਆਂ ਲਿਖਤਾਂ ਅਤੇ ਵਿਗਿਆਨ ਨੂੰ ਸਿੱਖ ਸੱਕਣ ਦੀ ਯੋਗਤਾ ਦਿੱਤੀ। ਦਾਨੀਏਲ ਹਰ ਤਰ੍ਹਾਂ ਦੇ ਦਰਸ਼ਨਾਂ ਅਤੇ ਸੁਪਨਿਆਂ ਨੂੰ ਵੀ ਸਮਝ ਸੱਕਦਾ ਸੀ।
18 ਰਾਜਾ ਚਾਹੁੰਦਾ ਸੀ ਕਿ ਸਾਰੇ ਜਵਾਨ ਆਦਮੀਆਂ ਨੂੰ ਤਿੰਨ ਸਾਲ ਤੱਕ ਸਿੱਖਿਆ ਦਿੱਤੀ ਜਾਵੇ। ਉਸ ਸਮੇਂ ਦੇ ਅੰਤ ਤੇ ਅਸ਼ਪਨਜ਼ ਸਾਰੇ ਜਵਾਨਾਂ ਨੂੰ ਰਾਜੇ ਨਬੂਕਦਨੱਸਰ ਕੋਲ ਲੈ ਗਿਆ। 19 ਰਾਜੇ ਨੇ ਉਨ੍ਹਾਂ ਨਾਲ ਗੱਲ ਕੀਤੀ। ਰਾਜੇ ਨੇ ਦੇਖਿਆ ਕਿ ਹੋਰ ਕੋਈ ਵੀ ਜਵਾਨ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਸਾਹ ਜਿੰਨਾ ਚੰਗਾ ਨਹੀਂ ਸੀ। ਇਸ ਲਈ ਇਹ ਚਾਰੇ ਜਵਾਨ ਰਾਜੇ ਦੇ ਸੇਵਕ ਬਣ ਗਏ। 20 ਹਰ ਸਮੇਂ ਜਦੋਂ ਰਾਜਾ ਉਨ੍ਹਾਂ ਨੂੰ ਕਿਸੇ ਮਹੱਤਵਪੂਰਣ ਗੱਲ ਬਾਰੇ ਪੁੱਛਦਾ ਤਾਂ ਉਹ ਬਹੁਤ ਸਿਆਣਪ ਅਤੇ ਸੂਝ ਦਰਸਾਉਂਦੇ, ਰਾਜੇ ਨੇ ਦੇਖਿਆ ਕਿ ਉਹ ਉਸ ਦੇ ਰਾਜ ਵਿੱਚਲੇ ਸਾਰੇ ਜਾਦੂਗਰਾਂ ਅਤੇ ਸਿਆਣਿਆਂ ਨਾਲੋਂ ਦਸ ਗੁਣਾ ਬਿਹਤਰ ਸਨ। 21 ਇਸ ਲਈ ਦਾਨੀਏਲ ਉਦੋਂ ਤੀਕ ਰਾਜੇ ਦਾ ਸੇਵਕ ਰਿਹਾ ਜਦੋਂ ਖੋਰਸ ਨੂੰ ਰਾਜ ਕਰਦਿਆਂ ਇੱਕ ਵਰ੍ਹਾ ਹੋ ਗਿਆ ਸੀ।