ਪਰਮੇਸ਼ੁਰ ਦੇ ਨਵੇਂ ਇਕਰਾਰਨਾਮੇ ਦੇ ਸੇਵਾਦਾਰ
3
1 ਕੀ ਅਸੀਂ ਫ਼ੇਰ ਤੋਂ ਆਪਣੇ-ਆਪ ਬਾਰੇ ਸ਼ੇਖੀ ਮਾਰਨ ਲੱਗ ਪਏ ਹਾਂ? ਕੀ ਕੁਝ ਹੋਰ ਲੋਕਾਂ ਵਾਂਗ, ਸਾਨੂੰ ਵੀ ਤੁਹਾਡੇ ਕੋਲ ਪਰਿਚਯ ਪੱਤਰ ਲਿਆਉਣੇ ਚਾਹੀਦੇ ਹਨ ਜਾਂ ਤੁਹਾਥੋਂ ਇਹ ਪੱਤਰ ਲੈਣੇ ਚਾਹੀਦੇ ਹਨ।
2 ਤੁਸੀਂ ਖੁਦ ਸਾਡੇ ਪੱਤਰ ਹੋ। ਇਹ ਪੱਤਰ ਸਾਡੇ ਦਿਲਾਂ ਉੱਤੇ ਲਿਖਿਆ ਹੋਇਆ ਹੈ। ਸਾਰੇ ਲੋਕੀਂ ਇਸ ਨੂੰ ਜਾਣਦੇ ਹਨ ਅਤੇ ਇਸ ਨੂੰ ਪੜ੍ਹ ਸੱਕਦੇ ਹਨ।
3 ਤੁਸੀਂ ਵਿਖਾਉ ਕਿ ਤੁਸੀਂ ਮਸੀਹ ਵੱਲੋਂ ਸਾਡੇ ਰਾਹੀਂ ਘੱਲਿਆ ਹੋਇਆ ਇੱਕ ਪੱਤਰ ਹੋ, ਇਹ ਪੱਤਰ ਸਿਆਹੀ ਨਾਲ ਨਹੀਂ ਲਿਖਿਆ ਹੋਇਆ ਪਰੰਤੂ ਜੀਵਿਤ ਪਰਮੇਸ਼ੁਰ ਦੇ ਆਤਮਾ ਨਾਲ ਲਿਖਿਆ ਹੋਇਆ ਹੈ। ਇਹ ਪੱਥਰੀ ਤਖਤੀ ਉੱਤੇ ਨਹੀਂ ਲਿਖਿਆ ਹੋਇਆ। ਇਹ ਮਨੁੱਖੀ ਹਿਰਦਿਆਂ ਉੱਤੇ ਲਿਖਿਆ ਹੋਇਆ ਹੈ।
4 ਅਸੀਂ ਇਹ ਗੱਲਾਂ ਇਸ ਲਈ ਆਖ ਸੱਕਦੇ ਹਾਂ ਕਿਉਂ ਜੋ ਅਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਅੱਗੇ ਪੂਰਾ ਯਕੀਨ ਰੱਖਦੇ ਹਾਂ।
5 ਮੇਰਾ ਇਹ ਮਤਲਬ ਨਹੀਂ ਕਿ ਅਸੀਂ ਇਹ ਕਹਿ ਸੱਕਦੇ ਹਾਂ ਕਿ ਅਸੀਂ ਕੋਈ ਵੀ ਨੇਕ ਕਾਰਜ ਖੁਦ ਕਰ ਸੱਕਦੇ ਹਾਂ। ਇਹ ਤਾਂ ਪਰਮੇਸ਼ੁਰ ਹੀ ਹੈ ਜਿਹੜਾ ਸਾਨੂੰ ਇਹ ਕਰਨ ਯੋਗ ਬਣਾਉਂਦਾ ਹੈ।
6 ਪਰਮੇਸ਼ੁਰ ਨੇ ਸਾਨੂੰ ਨਵੇਂ ਇਕਰਾਰ ਦੇ ਸੇਵਾਦਾਰ ਬਣਨ ਦੇ ਯੋਗ ਬਣਾਇਆ। ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਇਹ ਨਵਾਂ ਇਕਰਾਰਨਾਮਾ ਲਿਖਿਆ ਹੋਇਆ ਨੇਮ ਨਹੀਂ ਹੈ। ਇਹ ਆਤਮਾ ਦਾ ਹੈ। ਲਿਖਿਆ ਹੋਇਆ ਨੇਮ ਮੌਤ ਲਿਆਉਂਦਾ ਹੈ ਜਦ ਕਿ ਆਤਮਾ ਜੀਵਨ ਦਿੰਦਾ ਹੈ।
ਨਵਾਂ ਕਰਾਰ ਮਹਾਨ ਮਹਿਮਾ ਲਿਆਉਂਦਾ ਹੈ
7 ਉਹ ਪੁਰਾਣਾ ਕਰਾਰ ਜਿਸਨੇ ਮੌਤ ਲਿਆਂਦੀ ਪੱਥਰ ਉੱਤੇ ਸ਼ਬਦਾ ਨਾਲ ਲਿਖਿਆ ਹੋਇਆ ਸੀ। ਇਹ ਪਰਮੇਸ਼ੁਰ ਦੇ ਗੌਰਵ ਨਾਲ ਆਇਆ। ਮੂਸਾ ਦਾ ਮੁਖ ਮਹਿਮਾ ਨਾਲ ਇੰਨਾ ਚਮਕ ਰਿਹਾ ਸੀ ਕਿ ਇਸਰਾਏਲੀ ਉਸ ਵੱਲ ਇੱਕ ਟੱਕ ਨਹੀਂ ਵੇਖ ਸੱਕੇ ਪਰ ਮਗਰੋਂ, ਇਹ ਮਹਿਮਾ ਫ਼ਿੱਕੀ ਪੈ ਗਈ।
8 ਇਸ ਲਈ, ਉਹ ਕਰਾਰ ਜਿਹੜਾ ਆਤਮਾ ਲਿਆਇਆ ਸੱਚ ਮੁੱਚ ਹੀ ਮਹਾਨ ਮਹਿਮਾ ਰੱਖਦਾ ਹੈ।
9 ਭਾਵ ਇਹ ਹੈ; ਕਿ ਉਹ ਪੁਰਾਣਾ ਕਰਾਰ ਜੋ ਲੋਕਾਂ ਦੇ ਪਾਪਾਂ ਦੇ ਦੋਸ਼ੀ ਹੋਣ ਦਾ ਨਿਆਂ ਕਰਦਾ ਹੈ, ਹਾਲੇ ਵੀ ਉਸਦੀ ਮਹਿਮਾ ਸੀ। ਤਾਂ ਅਜਿਹਾ ਨਵਾਂ ਕਰਾਰ, ਜਿਹੜਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ, ਨਿਸ਼ਚਿਤ ਹੀ ਮਹਾਨ ਮਹਿਮਾ ਰੱਖਦਾ ਹੈ।
10 ਉਸ ਪੁਰਾਣੇ ਕਰਾਰ ਦੀ ਮਹਿਮਾ ਸੀ। ਪਰ ਜਦੋਂ ਪੁਰਾਣੀ ਮਹਿਮਾ ਦੀ ਸਮਾਨਤਾ ਨਵੇਂ ਕਰਾਰ ਦੀ ਵਡੇਰੀ ਮਹਿਮਾ ਨਾਲ ਕੀਤੀ ਜਾਂਦੀ ਹੈ ਤਾਂ ਇਹ ਆਪਣੀ ਮਹਿਮਾ ਗੁਆ ਲੈਂਦਾ ਹੈ।
11 ਜੇ ਉਹ ਨਵਾਂ ਕਰਾਰ ਜਿਹੜਾ ਮਹਿਮਾ ਨਾਲ ਆਇਆ, ਫ਼ਿੱਕਾ ਹੋ ਸੱਕਦਾ ਹੈ, ਤਾਂ ਨਵਾਂ ਕਰਾਰ, ਜਿਹੜਾ ਸਦੀਵੀ ਜਾਰੀ ਰਹੇਗਾ, ਮਹਾਨ ਮਹਿਮਾ ਰੱਖਦਾ ਹੈ।
12 ਸਾਨੂੰ ਇਸ ਗੱਲ ਦੀ ਉਮੀਦ ਹੈ, ਇਸ ਲਈ ਅਸੀਂ ਬਹੁਤ ਬਹਾਦੁਰ ਹਾਂ।
13 ਅਸੀਂ ਮੂਸਾ ਵਾਂਗ ਨਹੀਂ ਹਾਂ। ਮੂਸਾ ਨੇ ਆਪਣਾ ਚਿਹਰਾ ਢੱਕਣ ਲਈ ਇੱਕ ਪੱਲਾ ਪਾਇਆ ਹੋਇਆ ਸੀ, ਤਾਂ ਜੋ ਇਸਰਾਏਲ ਦੇ ਲੋਕ ਉਸ ਮਹਿਮਾ ਵੱਲ ਇੱਕ ਟੱਕ ਨਾ ਵੇਖਣ ਜੋ ਜਲਦੀ ਹੀ ਫ਼ਿੱਕੀ ਹੋ ਰਹੀ ਸੀ।
14 ਪਰ ਉਨ੍ਹਾਂ ਦੇ ਮਨਾਂ ਨੂੰ ਤਾਲੇ ਲੱਗੇ ਹੋਏ ਸਨ। ਉਹ ਸਮਝ ਨਹੀਂ ਸੱਕੇ ਸੀ। ਅੱਜ ਦੇ ਦਿਨ ਤੱਕ ਵੀ, ਜਦੋਂ ਪੁਰਾਣਾ ਕਰਾਰ ਪੜ੍ਹਿਆ ਜਾਂਦਾ ਹੈ ਤਾਂ ਉਹੀ ਪਰਦਾ ਉਨ੍ਹਾਂ ਦੇ ਅਰੱਥਾਂ ਨੂੰ ਢੱਕ ਲੈਂਦਾ ਹੈ। ਇਹ ਪਰਦਾ ਨਹੀਂ ਹਟਾਇਆ ਗਿਆ। ਇਹ ਤਾਂ ਕੇਵਲ ਮਸੀਹ ਦੇ ਰਾਹੀਂ ਹੀ ਹਟਾਇਆ ਗਿਆ ਹੈ।
15 ਹੁਣ ਵੀ, ਜਦੋਂ ਮੂਸਾ ਦਾ ਨੇਮ ਪੜ੍ਹਿਆ ਜਾਂਦਾ ਹੈ ਤਾਂ ਇੱਕ ਪਰਦਾ ਉਨ੍ਹਾਂ ਦੇ ਮਨਾਂ ਉੱਤੇ ਪਿਆ ਹੁੰਦਾ ਹੈ।
16 ਪਰ ਜਦੋਂ ਕੋਈ ਵਿਅਕਤੀ ਬਦਲਦਾ ਹੈ ਅਤੇ ਪ੍ਰਭੂ ਵੱਲ ਪਰਤਦਾ ਹੈ, ਤਾਂ ਪਰਦਾ ਹਟ ਜਾਂਦਾ ਹੈ।
17 ਇੱਥੇ ਸ਼ਬਦ “ਪ੍ਰਭੂ” ਆਤਮਾ ਨਾਲ ਸੰਬੰਧਿਤ ਹੈ। ਅਤੇ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ।
18 ਅਤੇ ਸਾਡੇ ਚਿਹਰੇ ਢੱਕੇ ਹੋਏ ਨਹੀਂ ਹਨ। ਅਸੀਂ ਸਾਰੇ ਪ੍ਰਭੂ ਦੀ ਮਹਿਮਾ ਨੂੰ ਦਰਸ਼ਾਉਂਦੇ ਹਾਂ ਅਸੀਂ ਬਦਲਕੇ ਉਸੇ ਵਰਗੇ ਬਣ ਰਹੇ ਹਾਂ ਇਹ ਤਬਦੀਲੀ ਸਾਡੇ ਲਈ ਵੱਧੇਰੇ ਮਹਾਨ ਮਹਿਮਾ ਲਿਆਉਂਦੀ ਹੈ। ਇਹ ਮਹਿਮਾ ਪ੍ਰਭੂ ਵੱਲੋਂ ਆਉਂਦੀ ਹੈ ਜੋ ਕਿ ਆਤਮਾ ਹੈ।